ਨਵੀਂ ਦਿੱਲੀ: ਆਮ ਆਦਮੀ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਹੇਠ ਆਉਣ ਵਾਲਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਮੰਗਲਵਾਰ ਨੂੰ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 7 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਹੈ। ਇਸ ਕਾਰਨ ਦੇਸ਼ ਭਰ ਵਿੱਚ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਉਛਾਲ ਦਰਜ ਕੀਤਾ ਗਿਆ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਨਵੀਂ ਕੀਮਤ : ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਮਹੀਨੇ ਦੀ ਸ਼ੁਰੂਆਤ 'ਚ ਹੀ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਹੁਣ ਰਾਜਧਾਨੀ ਦਿੱਲੀ 'ਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਪ੍ਰਚੂਨ ਕੀਮਤ 1,773 ਰੁਪਏ ਤੋਂ ਵਧ ਕੇ 1,780 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਮੁੰਬਈ ਵਿੱਚ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਨਵੀਂ ਕੀਮਤ 1,732 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਪਹਿਲਾਂ ਪ੍ਰਤੀ ਸਿਲੰਡਰ ਦੀ ਕੀਮਤ 1,725 ਰੁਪਏ ਸੀ। ਇਸੇ ਤਰ੍ਹਾਂ ਚੇਨਈ 'ਚ ਪੁਰਾਣੀ ਕੀਮਤ 1,937 ਰੁਪਏ ਸੀ, ਹੁਣ ਇਹ ਵਧ ਕੇ 1,944 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ 'ਚ ਸਿਲੰਡਰ ਦੀ ਕੀਮਤ 1,882.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।
ਦੱਸ ਦੇਈਏ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ। ਸਰਕਾਰ ਨੇ 19 ਕਿਲੋ ਦੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ 83.5 ਰੁਪਏ ਘਟਾ ਦਿੱਤੀ ਹੈ। ਇਸ ਦੇ ਨਾਲ ਹੀ 1 ਮਈ 2023 ਨੂੰ ਇਸ ਦੀਆਂ ਕੀਮਤਾਂ 'ਚ 172 ਰੁਪਏ ਦੀ ਕਟੌਤੀ ਕੀਤੀ ਗਈ ਸੀ। ਲੋਕ ਚਿੰਤਤ ਹਨ ਕਿ ਵਪਾਰਕ ਸਿਲੰਡਰ ਦੀ ਕੀਮਤ ਵਧਣ ਕਾਰਨ ਹੁਣ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਦੁਕਾਨਦਾਰਾਂ ਅਤੇ ਹੋਟਲ ਮਾਲਕਾਂ ਦੀਆਂ ਚਿੰਤਾਵਾਂ ਵੀ ਵਧ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਨਾਫਾ ਖਤਮ ਹੋ ਜਾਵੇਗਾ।
ਰਸੋਈ ਗੈਸ ਦੀ ਕੀਮਤ ਕਿੰਨੀ ਹੈ : ਦੇਸ਼ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਮੁੰਬਈ 'ਚ LPG ਸਿਲੰਡਰ ਦੀ ਕੀਮਤ 1102.50 ਰੁਪਏ ਹੈ। ਕੋਲਕਾਤਾ ਵਿੱਚ ਇੱਕ LPG ਸਿਲੰਡਰ ਦੀ ਕੀਮਤ 1129 ਰੁਪਏ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਮੁਤਾਬਕ, ਚੇਨਈ ਵਿੱਚ ਇੱਕ ਐਲਪੀਜੀ ਰਸੋਈ ਗੈਸ ਸਿਲੰਡਰ ਦੀ ਕੀਮਤ 1118.50 ਰੁਪਏ ਰੱਖੀ ਗਈ ਹੈ। ਜਦੋਂ ਕਿ ਦਿੱਲੀ ਵਿੱਚ ਐਲਪੀਜੀ ਦੀ ਕੀਮਤ 1103 ਰੁਪਏ ਹੈ। ਗੌਰਤਲਬ ਹੈ ਕਿ ਇਸ ਸਾਲ ਮਾਰਚ ਵਿੱਚ ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ।
ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਕਿੰਨੀ ਵਾਰ ਵਧੀ: ਸਰਕਾਰ ਨੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਈ ਵਾਰ ਵਾਧਾ ਕੀਤਾ ਹੈ। ਪਿਛਲੇ ਮਹੀਨੇ ਜੂਨ ਦੌਰਾਨ ਵਪਾਰਕ ਵਰਤੋਂ ਵਾਲੇ ਸਿਲੰਡਰ ਦੀ ਕੀਮਤ ਵਿੱਚ 83 ਰੁਪਏ ਦੀ ਕਟੌਤੀ ਕੀਤੀ ਗਈ ਸੀ। ਜਦੋਂ ਕਿ ਮਈ ਵਿਚ ਵਪਾਰਕ ਸਿਲੰਡਰ 1856.50 ਰੁਪਏ 'ਤੇ ਆ ਗਿਆ ਸੀ। ਅਪ੍ਰੈਲ ਦੌਰਾਨ ਕਮਰਸ਼ੀਅਲ ਸਿਲੰਡਰ ਦੀ ਕੀਮਤ 2028 ਰੁਪਏ 'ਤੇ ਪਹੁੰਚ ਗਈ ਸੀ, ਜਦਕਿ ਮਾਰਚ 'ਚ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਸਭ ਤੋਂ ਵੱਧ 2119.50 ਰੁਪਏ ਸੀ। ਜਦਕਿ ਜਨਵਰੀ ਅਤੇ ਫਰਵਰੀ 'ਚ ਇਸ ਦੀ ਕੀਮਤ 1769 ਰੁਪਏ ਸੀ।