ਹੈਦਰਾਬਾਦ: ਮੌਜੂਦਾ ਵਿੱਤੀ ਸਾਲ ਖ਼ਤਮ ਹੋ ਗਿਆ ਹੈ। ਇਹ ਤੁਹਾਡੀ ਆਮਦਨ, ਖਰਚ ਅਤੇ ਟੈਕਸ ਦੇਣਦਾਰੀ 'ਤੇ ਨੇੜਿਓਂ ਨਜ਼ਰ ਮਾਰਨ ਦਾ ਸਮਾਂ ਹੈ। ਇਨਕਮ ਟੈਕਸ ਵਿਭਾਗ ਦੇ ਪੋਰਟਲ ਵਿੱਚ ਆਪਣਾ AIS (Annual Information Statement) ਦੇਖੋ। AIS ਸਾਲ ਦੌਰਾਨ ਤੁਹਾਡੀ ਕੁੱਲ ਆਮਦਨ ਦਾ ਪੂਰਾ ਵੇਰਵਾ ਪ੍ਰਦਾਨ ਕਰਦਾ ਹੈ। ਇਹ ਤੁਹਾਨੂੰ 2022-'23 ਵਿੱਚ ਕਮਾਈ ਹੋਈ ਆਮਦਨ 'ਤੇ ਕਿੰਨਾ ਟੈਕਸ ਦੇਣਾ ਹੋਵੇਗਾ ਇਸ ਬਾਰੇ ਵਧੇਰੇ ਸਪੱਸ਼ਟਤਾ ਦੇਵੇਗਾ।
ਇੰਝ ਜਾਣੋ ਆਮਦਨ ਦਾ ਪੂਰਾ ਵੇਰਵਾ : ਵਿੱਤੀ ਸਾਲ ਦੌਰਾਨ ਪ੍ਰਾਪਤ ਹੋਈ ਆਮਦਨ ਅਤੇ ਉੱਚ-ਮੁੱਲ ਦੇ ਖਰਚਿਆਂ ਦੇ ਵੇਰਵੇ ਜਾਣਨਾ ਚਾਹੁੰਦੇ ਹੋ? ਬਸ IT ਵਿਭਾਗ ਦੇ ਪੋਰਟਲ ਵਿੱਚ ਲੌਗਇਨ ਕਰੋ ਅਤੇ 'ਸਾਲਾਨਾ ਸੂਚਨਾ ਸਟੇਸਮੈਂਟ' (AIS) ਨੂੰ ਦੇਖ ਕੇ ਆਪਣੀ ਆਮਦਨ ਦਾ ਪੂਰਾ ਵੇਰਵਾ ਪ੍ਰਾਪਤ ਕਰੋ। ਤਨਖ਼ਾਹ ਰਾਹੀਂ ਤੁਹਾਡੀ ਆਮਦਨ, ਸਰੋਤ 'ਤੇ ਟੈਕਸ ਕਟੌਤੀ (TDS) ਸਮੇਤ, ਸਭ AIS ਰਿਪੋਰਟ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ। ਬੈਂਕ ਬਚਤ ਖਾਤਿਆਂ, ਫਿਕਸਡ ਡਿਪਾਜ਼ਿਟ, ਆਵਰਤੀ ਡਿਪਾਜ਼ਿਟ ਅਤੇ ਹੋਰ ਖਾਤਿਆਂ ਤੋਂ ਪ੍ਰਾਪਤ ਵਿਆਜ ਦੇ ਵੇਰਵੇ ਵੀ ਜਾਣੇ ਜਾ ਸਕਦੇ ਹਨ। ਜੇਕਰ ਤੁਸੀਂ ਸ਼ੇਅਰਾਂ ਵਿੱਚ ਨਿਵੇਸ਼ ਕਰਦੇ ਹੋ, ਤਾਂ ਸੰਬੰਧਿਤ ਕੰਪਨੀਆਂ ਦੁਆਰਾ ਘੋਸ਼ਿਤ ਲਾਭਅੰਸ਼ ਦੇ ਵੇਰਵੇ ਦਿਖਾਏ ਜਾਂਦੇ ਹਨ।
ਇਸ ਤੋਂ ਇਲਾਵਾ ਇਹ ਹੋਰ ਜਾਣਕਾਰੀ ਵੀ ਮਿਲੇਗੀ: AIS ਪਿਛਲੇ ਵਿੱਤੀ ਸਾਲ ਵਿੱਚ ਰਿਫੰਡ 'ਤੇ ਕਮਾਏ ਵਿਆਜ ਦੇ ਵੇਰਵੇ ਵੀ ਪ੍ਰਦਾਨ ਕਰਦਾ ਹੈ। ਹੋਰ ਵੇਰਵਿਆਂ ਵਿੱਚ ਸਰਕਾਰੀ ਪ੍ਰਤੀਭੂਤੀਆਂ ਅਤੇ ਬਾਂਡਾਂ ਤੋਂ ਪ੍ਰਾਪਤ ਹੋਈ ਰਕਮ, ਥੋੜ੍ਹੇ ਸਮੇਂ ਵਿੱਚ ਵੇਚੇ ਗਏ ਸ਼ੇਅਰ ਅਤੇ ਉਸ ਤੋਂ ਹੋਏ ਮੁਨਾਫ਼ੇ, ਅਚੱਲ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਦੇ ਵੇਰਵੇ, ਮਿਊਚਲ ਫੰਡਾਂ ਦੀਆਂ ਇਕਾਈਆਂ ਦੀ ਵਿਕਰੀ 'ਤੇ ਹੋਏ ਮੁਨਾਫ਼ੇ ਅਤੇ ਬਚਤ ਖਾਤੇ ਵਿੱਚ ਕੀਤੀ ਗਈ ਵੱਡੀ ਰਕਮ ਦੀ ਨਕਦ ਜਮ੍ਹਾਂ ਰਕਮ ਸ਼ਾਮਲ ਹੈ।
ਇਹ ਸਟੈਪ ਵਰਤੋਂ ਕਰਕੇ ਪਤਾ ਕਰੋ ਪੂਰੇ ਵੇਰਵੇ: ਤੁਸੀਂ ਆਪਣੇ ਵੇਰਵਿਆਂ ਦੇ ਨਾਲ ਇਨਕਮ ਟੈਕਸ ਵਿਭਾਗ ਦੇ ਪੋਰਟਲ ਵਿੱਚ ਲੌਗਇਨ ਕਰਕੇ 'ਸੇਵਾਵਾਂ' ਟੈਬ ਤੋਂ 'ਸਾਲਾਨਾ ਸੂਚਨਾ ਬਿਆਨ (AIS)' ਦੇਖ ਸਕਦੇ ਹੋ। ਆਪਣੀ ਰਿਪੋਰਟ 'ਤੇ ਇੱਕ ਨਜ਼ਰ ਮਾਰੋ ਅਤੇ ਦੇਖੋ ਕਿ ਕੀ ਇਸ ਵਿੱਚ ਦਰਜ ਆਈਟਮਾਂ ਵਿੱਚ ਕੋਈ ਅੰਤਰ ਹੈ। ਗਲਤੀਆਂ ਹੋਣ ਦੀ ਸੂਰਤ ਵਿੱਚ ਸਬੰਧਤ ਸੰਸਥਾਵਾਂ ਜਾਂ ਆਮਦਨ ਕਰ ਵਿਭਾਗ ਨੂੰ ਲੋੜੀਂਦੇ ਸਬੂਤਾਂ ਨਾਲ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: UPI Payments Alert : UPI ਭੁਗਤਾਨ ਕਰ ਰਹੇ ਹੋ, ਤਾਂ ਰਹੋ ਸਾਵਧਾਨ, ਨਹੀਂ ਤਾਂ ਬੈਂਕ ਖਾਤਾ ਹੋ ਜਾਵੇਗਾ ਖਾਲੀ