ਮੁੰਬਈ: ਕਮਜ਼ੋਰ ਕਾਰੋਬਾਰੀ ਰੁਝਾਨਾਂ ਵਿਚਕਾਰ ਮੰਗਲਵਾਰ ਨੂੰ ਸੈਂਸੈਕਸ ਅਤੇ ਨਿਫ਼ਟੀ ਪਿਛਲੇ ਸੈਸ਼ਨ ਦੇ ਮੁਕਾਬਲੇ ਗਿਰਾਵਟ ਦੇ ਨਾਲ ਖੁੱਲ੍ਹਿਆ।
ਦੋਵੇਂ ਪ੍ਰਮੁੱਖ ਸੂਚਕ ਅੰਕਾਂ ਵਿੱਚ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਚੱਲ ਰਿਹਾ ਸੀ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 200 ਅੰਕ ਤੋਂ ਜ਼ਿਆਦਾ ਡਿੱਗਿਆ ਅਤੇ ਨਿਫ਼ਟੀ ਵੀ 60 ਅੰਕਾਂ ਤੋਂ ਜ਼ਿਆਦਾ ਫ਼ਿਸਲਿਆ।
ਅੰਤਰ-ਰਾਸ਼ਟਰੀ ਮੁਦਰਾ ਫ਼ੰਡ (ਆਈਐੱਮਐੱਫ਼) ਵੱਲੋਂ ਭਾਰਤ ਦੀ ਆਰਥਿਕ ਵਿਕਾਸ ਦਰ ਅਨੁਮਾਨ ਵਿੱਚ ਕਟੌਤੀ ਕਰਨ ਨਾਲ ਬਾਜ਼ਾਰ ਵਿੱਚ ਕਾਰੋਬਾਰੀ ਰੁਝਾਨ ਕਮਜ਼ੋਰ ਸੀ।
ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੰਵੇਦੀ ਸੂਚਕ ਅੰਕ ਸੈਂਸੈਕਸ ਸਵੇਰੇ 9.46 ਵਜੇ ਪਿਛਲੇ ਸੈਸ਼ਨ ਤੋਂ 23.65 ਅੰਕ ਹੇਠਾਂ 41,505.26 ਉੱਤੇ ਬਣਿਆ ਹੋਇਆ ਸੀ। ਜਦਕਿ ਇਸ ਤੋਂ ਪਹਿਲਾਂ ਸੈਂਸੈਕਸ ਪਿਛਲੇ ਸੈਸ਼ਨ ਤੋਂ 41.34 ਅੰਕਾਂ ਦੀ ਗਿਰਾਵਟ ਦੇ ਨਾਲ 41,487.57 ਉੱਤੇ ਖ਼ੁੱਲ੍ਹਿਆ ਅਤੇ 41,301.63 ਤੱਕ ਖਿਸਕਿਆ।
ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੇ 50 ਸ਼ੇਅਰਾਂ ਉੱਤੇ ਆਧਾਰਿਤ ਸੂਚਕ ਅੰਕ ਨਿਫ਼ਟੀ ਪਿਛਲੇ ਸੈਸ਼ਨ ਦੇ ਮੁਕਾਬਲੇ 12.05 ਅੰਕਾਂ ਦੀ ਕਮਜ਼ੋਰੀ ਦੇ ਨਾਲ 12,212.50 ਉੱਤੇ ਕਾਰੋਬਾਰ ਕਰ ਰਿਹਾ ਸੀ।ਇਸ ਤੋਂ ਪਹਿਲਾਂ ਨਿਫ਼ਟੀ ਪਿਛਲੇ ਸੈਸ਼ਨ ਤੋਂ 29.15 ਅੰਕਾਂ ਦੀ ਗਿਰਾਵਟ ਦੇ ਨਾਲ 12,195.30 ਉੱਤੇ ਖੁੱਲ੍ਹਿਆ ਅਤੇ 12,162.45 ਤੱਕ ਖਿਸਕਿਆ।
ਇਹ ਵੀ ਪੜ੍ਹੋ: ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਰਿਕਾਰਡ ਵਾਧਾ, ਸੈਂਸੈਕਸ ਪਹੁੰਚਿਆ 42,000 ਅੰਕਾਂ ਦੇ ਪਾਰ
ਅੰਤਰ-ਰਾਸ਼ਟਰੀ ਮੁਦਰਾ ਫ਼ੰਡ ਨੇ ਚਾਲੂ ਵਿੱਤੀ ਸਾਲ ਵਿੱਚ ਭਾਰਤ ਦੀ ਆਰਥਿਕ ਦਰ ਦੇ ਆਪਣੇ ਅਨੁਮਾਨ ਨੂੰ 6.1 ਫ਼ੀਸਦੀ ਤੋਂ ਘਟਾ ਕੇ 4.8 ਫ਼ੀਸਦੀ ਕਰ ਦਿੱਤਾ ਹੈ। ਆਈਐੱਮਐੱਫ਼ ਨੇ ਕਿਹਾ ਕਿ ਘਰੇਲੂ ਮੰਗ ਸੁਸਤ ਰਹਿਣ ਅਤੇ ਗ਼ੈਰ-ਬੈਕਿੰਗ ਖੇਤਰ ਦੇ ਦਬਾਅ ਵਿੱਚ ਰਹਿਣ ਕਾਰਨ ਚਾਲੂ ਵਿੱਤੀ ਸਾਲ ਵਿੱਚ ਭਾਰਤ ਵਿੱਚ ਆਰਥਿਕ ਗਤੀਵਿਧੀਆਂ ਕਮਜ਼ੋਰ ਰਹਿ ਸਕਦੀਆਂ ਹਨ, ਪਰ ਅਗਲੇ ਸਾਲ ਆਰਥਿਕ ਸੁਸਤੀ ਦੂਰ ਹੋਣ ਦੀ ਉਮੀਦ ਹੈ।