ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੇ ਆਪਣੇ ਸਾਰੇ ਬੱਚਤ ਖਾਤਾਧਾਰਕਾਂ ਦੇ ਲਈ ਇੱਕ ਔਸਤ ਮਾਸਿਕ ਘੱਟੋ-ਘੱਟ ਰਕਮ ਰੱਖਣ ਦੀ ਜ਼ਰੂਰਤ ਨੂੰ ਬੁੱਧਵਾਰ ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਸਾਰੇ ਬੱਚਤ ਖਾਤਾਧਾਰਕਾਂ ਨੂੰ ''ਜ਼ੀਰੋ ਬੈਲੰਸ' ਖਾਤੇ ਦੀ ਸਹੂਲਤ ਮਿਲ ਗਈ। ਇਸਦੇ ਨਾਲ ਹੀ ਸਾਰੇ ਬੱਚਤ ਖਾਤਿਆਂ 'ਤੇ ਵਿਆਜ ਦਰ 3 ਫੀਸਦੀ ਸਲਾਨਾ ਕਰ ਦਿੱਤੀ ਗਈ ਹੈ।
ਐੱਸਬੀਆਈ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਆਖਿਆ ਹੈ ਕਿ ਦੇਸ਼ ਵਿੱਚ ਵਿੱਤੀ ਸ਼ਮੂਲੀਅਤ ਨੂੰ ਅੱਗੇ ਵਧਾਉਣ ਲਈ ਉਸ ਨੇ ਆਪਣੇ ਸਾਰੇ 44.51 ਕਰੋੜ ਬੱਚਤ ਖਾਤਾਧਾਰਕਾਂ ਦੇ ਲਈ ਔਸਤ ਮਾਸਿਕ ਘੱਟੋ-ਖੱਟ ਰਕਮ (ਏਐੱਮਬੀ) ਰੱਖਣ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਹੈ।
ਏਐੱਮਬੀ ਖਤਮ ਕੀਤੇ ਜਾਣ ਨਾਲ ਬੈਂਕ ਦੇ ਖਾਤਾਧਾਰਕਾਂ ਨੁੰ 'ਜੀਰੋ ਬੈਂਲਸ' (ਯਾਨੀ ਕਿ ਘੱਟੋ-ਘੱਟ ਰਕਮ ਨਹੀਂ ਰੱਖਣ ) ਦੀ ਸਹੂਲਤ ਉਪਲਬਧ ਹੋਵੇਗੀ । ਇਸੇ ਨਾਲ ਹੀ ਬੈਂਕ ਨੇ ਤਿੰਨ ਮਹੀਨਿਆਂ ਬਾਅਦ ਐੱਸਐੱਮਐੱਸ ਸੇਵਾ ਲਈ ਵਸੂਲ ਕੀਤੀ ਜਾਂਦੀ ਫੀਸ ਨੂੰ ਵੀ ਖਤਮ ਕਰ ਦਿੱਤਾ ਹੈ ।
ਇਸ ਬਾਰੇ ਦੱਸ ਦੇ ਹੋਏ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ " ਇਹ ਫੈਸਲਾ ਹੋਰ ਜਿਆਦਾ ਲੋਕਾਂ ਦੇ ਚੇਹਰਿਆਂ 'ਤੇ ਮੁਸਕਾਨ ਲਿਆਉਣ ਵਾਲਾ ਹੋਵੇਗਾ।"
ਬੈਂਕ ਨੇ ਕਿਹਾ ਕਿ "ਸਭ ਤੋਂ ਪਹਿਲਾ ਗਾਹਕ ਹਿੱਤ' ਦੇ ਸੰਕਲਪ 'ਤੇ ਚਲਦੇ ਹੋਏ ਉਸ ਨੇ ਇਹ ਕਦਮ ਚੁੱਕਿਆ ਹੈ। ਇਸ ਦੇ ਇਲਾਵਾ ਬੈਂਕ ਨੇ ਬੱਚਤ ਖਾਤਿਆਂ 'ਤੇ ਸਲਾਨਾਂ ਵਿਆਜ ਦਰਾਂ ਨੂੰ ਤਰਕਸੰਗਤ ਬਣਾਉਂਦੇ ਹੋਏ ਸਾਰੀਆਂ ਸ਼੍ਰੇਣੀਆਂ ਲਈ ਘਟਾ ਕੇ ਤਿੰਨ ਫੀਸਦੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਭਾਰਤੀ ਸਟੇਟ ਬੈਂਕ ਨੇ ਦੂਸਰੀ ਵਾਰ ਕੀਤੀ ਵਿਆਜ਼ ਦਰਾਂ 'ਚ ਕਟੌਤੀ
ਇਸ ਤੋਂ ਪਹਿਲਾ ਬੈਂਕ ਵੱਲੋਂ ਆਪਣੇ ਬੱਚਤ ਖਾਤਾਧਾਰਕਾਂ ਨੂੰ ਔਸਤ ਮਾਸਿਕ ਘੱਟੋ-ਘੱਟ ਰਕਮ (ਏਐੱਮਬੀ) ਦੇ ਤੌਰ 'ਤੇ 3,000 ਸ਼ਹਿਰਾਂ , 2,000 ਕਸਬਿਆਂ ਅਤੇ 1,000 ਰੁਪਏ ਪੇਂਡੂ ਖੇਤਰਾਂ ਦੇ ਖਾਤਾਧਾਰਕਾਂ ਨੂੰ ਖਾਤੇ ਵਿੱਚ ਰੱਖਣੇ ਪੈਂਦੇ ਸੀ ।