ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਰੋਨਾ ਵਾਇਰਸ ਉੱਤੇ ਕਾਬੂ ਪਾਉਣ ਦੇ ਲਈ ਸਖ਼ਤ ਹੱਲਾਂ ਦੇ ਤਹਿਤ 21 ਦਿਨਾਂ ਦੇ ਦੇਸ਼-ਵਿਆਪੀ ਪੂਰਨ ਬੰਦ ਦੇ ਐਲਾਨ ਤੋਂ ਬਾਅਦ ਸ਼ੇਅਰ ਬਾਜ਼ਾਰ ਵਿੱਚ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ 600 ਅੰਕਾਂ ਤੋਂ ਜ਼ਿਆਦਾ ਦੇ ਵਾਧੇ ਦੇ ਨਾਲ ਖੁੱਲ੍ਹਿਆ, ਪਰ ਬਾਜ਼ਾਰ ਆਪਣਾ ਇਹ ਵਾਧਾ ਬਰਕਰਾਰ ਨਹੀਂ ਰੱਖ ਸਕਿਆ।
ਇਸੇ ਦਰਮਿਆਨ ਦੁਨੀਆਂ ਭਰ ਵਿੱਚ ਇਸ ਮਹਾਂਮਾਰੀ ਨਾਲ ਲੜਣ ਦੀਆਂ ਕੋਸ਼ਿਸ਼ਾਂ ਨਾਲ ਏਸ਼ੀਆਈ ਬਾਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਕਾਰੋਬਾਰੀਆਂ ਨੇ ਕਿਹਾ ਕਿ ਹਾਲਾਂਕਿ ਦੁਨੀਆਂ ਭਰ ਵਿੱਚ ਮੰਦੀ ਦੇ ਅਸਰ ਨਾਲ ਨਿਵੇਸ਼ਕ ਬਹੁਤ ਹੀ ਚਿੰਤਾ ਵਿੱਚ ਹਨ।
ਸ਼ੁਰੂਆਤੀ ਕਾਰੋਬਾਰ ਦੌਰਾਨ ਬੀਐੱਸਈ ਸੈਂਸੈਕਸ 625.41 ਅੰਕਾਂ ਦੀ ਤੇਜ਼ੀ ਦਰਜ ਕਰਨ ਤੋਂ ਬਾਅਦ 157.91 ਅੰਕ ਜਾਂ 0.59 ਫ਼ੀਸਦੀ ਦੀ ਗਿਰਾਵਟ ਦੇ ਨਾਲ 26,516.12 ਉੱਤੇ ਕਾਰੋਬਾਰ ਕਰ ਰਿਹਾ ਸੀ।
ਇਸੇ ਤਰ੍ਹਾਂ ਐੱਨਐੱਸਈ ਨਿਫ਼ਟੀ 30.30 ਅੰਕ ਜਾਂ 0.39 ਫ਼ੀਸਦੀ ਦੀ ਗਿਰਾਵਟ ਦੇ ਨਾਲ 7,770.75 ਉੱਤੇ ਕਾਰੋਬਾਰ ਕਰ ਰਿਹਾ ਸੀ।
ਸੈਂਸੈਕਸ ਦੀ ਗੱਲ ਕਰੀਏ ਤਾਂ ਰਿਲਾਇੰਸ ਇੰਡਸਟ੍ਰੀਜ਼ ਵਿੱਚ ਸਭ ਤੋਂ ਜ਼ਿਆਦਾ 7 ਫ਼ੀਸਦੀ ਦੀ ਚੜ੍ਹਤ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਨੈਸਲੇ ਇੰਡੀਆ, ਟੈੱਕ ਮਹਿੰਦਰਾ, ਐੱਚਡੀਐੱਫ਼ਸੀ, ਪਾਵਰਗ੍ਰਿਡ ਅਤੇ ਐੱਚਯੂਐੱਲ ਵਿੱਚ ਵੀ ਤੇਜ਼ੀ ਰਹੀ। ਦੂਸਰੇ ਪਾਸੇ ਇੰਡਸਇੰਡ ਬੈਂਕ, ਆਈਟੀਸੀ, ਐੱਲਐਂਨਟੀ ਅਤੇ ਆਈਸੀਆਈਸੀਆਈ ਬੈਂਕ ਡਿੱਗਣ ਵਾਲੇ ਮੁੱਖ ਸ਼ੇਅਰ ਸਨ।
ਕਾਰੋਬਾਰੀਆਂ ਮੁਤਾਬਕ ਨਿਵੇਸ਼ਕ ਮੰਗਲਵਾਰ ਰਾਤ ਐਲਾਨੇ 21 ਦਿਨਾਂ ਦੇ ਲਾਕਡਾਊਨ ਦੇ ਆਰਥਿਕ ਪ੍ਰਭਾਵਾਂ ਦਾ ਮੁਲਾਂਕਣ ਕਰ ਰਹੇ ਹਨ।
ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਇੱਕ ਸਖ਼ਤ ਫ਼ੈਸਲੇ ਦੇ ਤਹਿਤ ਮੋਦੀ ਨੇ ਮੰਗਲਵਾਰ ਨੂੰ ਅੱਧੀ ਰਾਤ ਤੋਂ 21 ਦਿਨਾਂ ਤੱਕ ਦੇਸ਼-ਵਿਆਪੀ ਪੂਰਨ ਬੰਦ ਦਾ ਐਲਾਨ ਕੀਤਾ ਸੀ, ਇਸ ਦੇ ਨਾਲ ਹੀ ਉਨ੍ਹਾਂ ਨੇ ਬੀਮਾਰੀ ਨਾਲ ਨਿਪਟਣ ਦੇ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ 15,000 ਕਰੋੜ ਰੁਪਏ ਵੰਡਣ ਦਾ ਵੀ ਐਲਾਨ ਕੀਤਾ ਸੀ।
ਜਿਓਜਿਤ ਫ਼ਾਇਨੈਂਸ਼ਨਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ.ਕੇ ਵਿਜੇਕੁਮਾਰ ਮੁਤਾਬਕ 21 ਦਿਨਾਂ ਦੀ ਬੰਦੀ ਲਾਗੂ ਕਰਨਾ ਇੱਕ ਵੱਡੀ ਚੁਣੌਤੀ ਹੈ। ਸਾਰਿਆਂ ਘਰਾਂ ਵਿੱਚ ਸਪਲਾਈ ਕਰਨਾ ਸੌਖਾ ਨਹੀਂ ਹੈ, ਪਰ ਅਜਿਹਾ ਕਰਨਾ ਜ਼ਰੂਰੀ ਹੈ। ਇਸ ਦੇ ਚੱਲਦਿਆਂ ਅਰਥ-ਵਿਵਸਥਾ ਨੂੰ ਅਸਥਾਈ ਰੂਪ ਤੋਂ ਇੱਕ ਵੱਡਾ ਝਟਕਾ ਲੱਗੇਗਾ।
(ਪੀਟੀਆਈ-ਭਾਸ਼ਾ)