ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਸਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਦੇਸ਼ ਵਿੱਚ 5ਜੀ ਢਾਂਚਾ ਬਣਾਉਣ ਵਿੱਚ ਜਿਓ ਦੀ ਅਹਿਮ ਭੂਮਿਕਾ ਹੋਵੇਗੀ। ਇਹ ਗੱਲ ਕੰਪਨੀ ਨੇ ਬਾਜ਼ਾਰ ਦੇ ਰੁਖ ਨੂੰ ਦੇਖਦੇ ਹੋਏ ਕਹੀ ਹੈ।
ਮੋਬਾਈਲ ਸੇਵਾਵਾਂ ਦੇ ਲਈ ਨਿਊਨਤਮ ਆਧਾਰ ਕੀਮਤ ਤੈਅ ਕਰਨ ਦੇ ਮੁੱਦੇ ਉੱਤੇ ਕੰਪਨੀ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ ਵੱਲੋਂ ਦਸੰਬਰ ਵਿੱਚ ਵਧਾਏ ਗਏ ਕਰ ਦਾ ਅਸਰ ਹਾਲ ਹੀ ਵਿੱਚ ਦਿਖਣ ਲੱਗਿਆ ਹੈ। ਇਸ ਨਾਲ ਬਾਜ਼ਾਰ ਸਥਿਤੀਆਂ ਬਿਹਤਰ ਹੋਈਆਂ ਹਨ।
ਸਰਕਾਰ ਨੇ ਵੀ 2020-21 ਦੌਰਾਨ ਅਗਲੇ ਦੌਰ ਦੀ ਸਪ੍ਰੈਕਟ੍ਰਮ ਨੀਲਾਮੀ ਦੀ ਇੱਛਾ ਪ੍ਰਗਟਾਈ ਹੈ। ਅਜਿਹੇ ਵਿੱਚ ਜਿਓ ਦੇ ਕੋਲ ਪਹਿਲਾਂ ਤੋਂ 5ਜੀ ਤਕਨੀਕ ਦੇ ਲਈ ਤਿਆਰ ਪ੍ਰਣਾਲੀ ਅਤੇ ਫ਼ਾਇਬਰ ਸੰਪਤੀ ਹੈ। ਬਾਜ਼ਾਰ ਦੇ ਰੁਖ ਨੂੰ ਦੇਖਿਆ ਜਾਵੇ ਤਾਂ ਦੇਸ਼ ਵਿੱਚ 5ਜੀ ਵਾਤਾਵਰਣ ਦੇ ਵਿਕਾਸ ਵਿੱਚ ਜਿਓ ਦੀ ਭੂਮਿਕਾ ਅਹਿਮ ਹੋਵੇਗੀ।
ਸ਼ੇਅਰਧਾਰਕਾਂ ਨੂੰ ਭੇਜੀ ਗਈ ਚਿੱਠੀ ਵਿੱਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਦੇਸ਼ ਵਿੱਚ ਹਾਲੇ ਵੀ ਲੱਖਾਂ ਗਾਹਕ 2ਜੀ ਤਕਨੀਕ ਦੀ ਵਰਤੋਂ ਕਰ ਰਹੇ ਹਨ। ਉਹ ਇੰਟਰਨੈਟ ਦੀ ਵਰਤੋਂ ਨਹੀਂ ਕਰ ਸਕਦੇ ਹਨ। ਅਜਿਹੇ ਵਿੱਚ ਦੇਸ਼ ਨੂੰ ਪੂਰੀ ਤਰ੍ਹਾਂ 2ਜੀ ਤੋਂ 4ਜੀ ਜਾਂ ਇਸ ਤੋਂ ਅੱਗੇ ਦੀ ਤਕਨੀਕ ਵਿੱਚ ਲਿਆਉਣ ਦੀ ਤੱਤਕਾਲ ਜ਼ਰੂਰ ਹੈ ਅਤੇ ਇਸ ਬਦਲਾਅ ਦੇ ਲਈ ਜਿਓ ਦੇ ਕੋਲ ਮੌਕੇ ਹਨ।
ਅੰਬਾਨੀ ਨੇ ਕਿਹਾ ਕਿ ਰਿਲਾਇੰਸ ਜਿਓ ਦੇ ਗਾਹਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। 31 ਮਾਰਚ, 2020 ਤੱਕ ਇਨ੍ਹਾਂ ਦੀ ਗਿਣਤੀ 38.75 ਕਰੋੜ ਤੱਕ ਪਹੁੰਚ ਗਈ ਹੈ। ਮੋਬਾਈਲ ਇੰਟਰਨੈਟ ਦੀ ਦੁਨੀਆਂ ਵਿੱਚ ਕ੍ਰਾਂਤੀ ਲਿਆਉਣ ਤੋਂ ਬਾਅਦ ਜਿਓ ਹੁਣ ਗਾਹਕਾਂ ਦੀ ਗਿਣਤੀ ਅਤੇ ਕੁੱਲ ਸਕਲ ਆਮਦਨ ਦੇ ਹਿਸਾਬ ਨਾਲ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਰ ਕੰਪਨੀ ਹੈ।
ਰਿਪੋਰਟ ਮੁਤਾਬਕ ਮਾਰਚ 2020 ਦੇ ਅੰਤ ਤੱਕ, ਜੀਓ ਫਾਈਬਰ ਸੇਵਾ ਪ੍ਰਾਪਤ ਕਰਨ ਵਾਲੇ ਘਰਾਂ ਦੀ ਗਿਣਤੀ 10 ਲੱਖ ਹੋ ਜਾਵੇਗੀ। ਅੰਬਾਨੀ ਨੇ ਕਿਹਾ ਕਿ ਵਿਕਾਸ ਦੇ ਵਧੇਰੇ ਮੌਕੇ ਈ-ਕਾਮਰਸ ਸੇਵਾਵਾਂ ਰਾਹੀਂ ਸੰਗਠਿਤ ਪ੍ਰਚੂਨ ਕਾਰੋਬਾਰ ਲਈ ਉਭਰਨਗੇ।
ਹਾਲ ਹੀ ਵਿੱਚ, ਰਿਲਾਇੰਸ ਇੰਡਸਟ੍ਰੀਜ਼ ਨੇ ਆਪਣੇ ਡਿਜੀਟਲ ਵਪਾਰ ਯੂਨਿਟ ਜੀਓ ਪਲੇਟਫਾਰਮ ਵਿੱਚ 24.7 ਪ੍ਰਤੀਸ਼ਤ ਹਿੱਸੇਦਾਰੀ ਵੇਚ ਕੇ 22.3 ਅਰਬ ਡਾਲਰ ਇਕੱਠੇ ਕੀਤੇ। ਨਾਲ ਹੀ, ਕੰਪਨੀ ਨੇ ਅਧਿਕਾਰਾਂ ਦੇ ਮੁੱਦੇ ਤੋਂ ਵੀ ਪੈਸੇ ਇਕੱਠੇ ਕੀਤੇ ਹਨ। ਇਸ ਤੋਂ ਬਾਅਦ ਕੰਪਨੀ 'ਤੇ ਸ਼ੁੱਧ ਕਰਜ਼ੇ ਦਾ ਬੋਝ ਸਿਫ਼ਰ ਹੋ ਗਿਆ ਹੈ।
ਕੰਪਨੀ ਆਪਣੇ ਤੇਲ ਅਤੇ ਪੈਟਰੋ ਕੈਮੀਕਲ ਕਾਰੋਬਾਰ ਵਿੱਚ 20 ਪ੍ਰਤੀਸ਼ਤ ਹਿੱਸੇਦਾਰੀ 75 ਅਰਬ ਡਾਲਰ ਵਿੱਚ ਵੇਚਣ ਲਈ ਅਰਮਕੋ ਨਾਲ ਗੱਲਬਾਤ ਕਰ ਰਹੀ ਹੈ।
ਵੱਡਾ ਸਵਾਲ ਇਹ ਹੈ ਕਿ ਰਿਲਾਇੰਸ ਇੰਨੀ ਜ਼ਿਆਦਾ ਨਕਦੀ ਦਾ ਕੀ ਕਰੇਗੀ? ਇਸ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਦੇ ਨਾਲ ਕੰਪਨੀ ਆਪਣੇ ਵਹੀਖਾਤਿਆਂ ਵਿੱਚ ਹੋਰ ਸੁਧਾਰ ਕਰ ਸਕਦੀ ਹੈ ਅਤੇ ਦੇਣਦਾਰੀਆਂ ਨੂੰ ਘਟਾ ਸਕਦੀ ਹੈ। ਇਸ ਵਿੱਚ ਦੇਰ ਨਾਲ ਅਦਾਇਗੀ ਅਤੇ ਪ੍ਰਬੰਧ ਦੀ ਰਕਮ ਸ਼ਾਮਲ ਹੈ, ਜੋ ਲਗਭਗ 50,000 ਕਰੋੜ ਰੁਪਏ ਦੇ ਬਰਾਬਰ ਹੈ।