ਨਵੀਂ ਦਿੱਲੀ: ਗੁਡਸ ਐਂਡ ਸਰਵਿਸ ਟੈਕਸ ਨੈੱਟਵਰਕ ਦੀ ਜੀਐੱਸਟੀ ਨਾਲ ਸਬੰਧਤ ਪੁੱਛਗਿੱਛ ਲਈ ਨਵਾਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਨਵਾਂ ਟੋਲ-ਫ੍ਰੀ ਨੰਬਰ 18001034786 ਹੈ। ਇਸ ਨੰਬਰ 'ਤੇ ਇਨ-ਡਾਇਰੈਕਟ ਟੈਕਸ ਦੇ ਸਬੰਧ 'ਚ ਹਰ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਣਗੇ। ਜੀਐੱਸਟੀਐੱਨ ਨੇ ਦੱਸਿਆ ਕਿ ਹੈਲਪ ਡੈਸਕ ਨਾਲ 10 ਨਵੀਆਂ ਭਾਸ਼ਾਵਾਂ ਨੂੰ ਜੋੜਿਆ ਗਿਆ ਹੈ।
ਕਰਦਾਤਾ ਹੁਣ ਬੰਗਾਲੀ, ਮਰਾਠੀ ਤੇਲਗੂ, ਤਾਮਿਲ, ਗੁਜਰਾਤੀ, ਕੰਨੜ, ਉੜੀਆ, ਮਲਿਆਲਮ, ਪੰਜਾਬੀ ਤੇ ਅਸਮੀ 'ਚ ਵੀ ਪੁੱਛਗਿੱਛ ਕਰ ਸਕਣਗੇ। ਹਾਲੇ ਤੱਕ ਇਹ ਸਹਾਇਤਾ ਸਿਰਫ਼ ਦੋ ਭਾਸ਼ਾਵਾਂ ਹਿੰਦੀ ਤੇ ਅੰਗਰੇਜ਼ੀ 'ਚ ਮੁੱਹਈਆ ਸੀ। ਜੀਐੱਸਟੀਐੱਨ ਨੇ ਦੱਸਿਆ ਕਿ ਹੈਲਪ ਡੈਸਕ ਨੂੁੰ ਨਵੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਨਾਲ ਕਰਦਾਤਿਆਂ ਨੂੰ ਸਹੂਲਤ ਤਾਂ ਹੋਵੇਗੀ ਸਗੋਂ ਪਾਰਦਰਸ਼ਤਾ ਵੀ ਵਧੇਗੀ।
ਇਸ ਦੇ ਨਾਲ ਹੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਪੋਰਟਲ 'ਚ ਵੀ ਸੁਧਾਰ ਕੀਤਾ ਗਿਆ ਹੈ। ਜੀਐੱਸਟੀਐੱਨ ਜ਼ਰੀਏ ਜੀਐੱਸਟੀ ਨਾਲ ਸਬੰਧਤ ਸਾਰੇ ਤਕਨੀਕੀ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕਾਬਿਲੇਗੌਰ ਹੈ ਕਿ ਜੀਐੱਸਟੀ ਹੈਲਪ ਡੈਸਕ ਨੂੰ ਰੋਜ਼ਾਨਾ ਲਗਪਗ 8 ਤੋਂ 10 ਹਜ਼ਾਰ ਫੋਨ ਕਾਲ ਆਉਂਦੀਆਂ ਹਨ।