ਲੁਧਿਆਣਾ: ਕੌਮਾਂਤਰੀ ਪੱਧਰ 'ਤੇ ਅੱਜ ਮਾਂ ਬੋਲੀ ਦਿਵਸ ਦਿਹਾੜਾ ਮਨਾਇਆ ਜਾ ਰਿਹਾ ਹੈ। ਅੱਜ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਵਿਸ਼ਵ ਭਰ ਦੇ ਵਿੱਚ ਦਸਵੇਂ ਸਥਾਨ 'ਤੇ ਹੈ ਅਤੇ ਵਿਸ਼ਵ ਭਰ ਦੇ ਵਿੱਚ 7 ਹਜ਼ਾਰ ਤੋਂ ਵਧੇਰੇ ਭਾਸ਼ਾਵਾਂ ਹਨ, 15 ਕਰੋੜ ਤੋਂ ਵਧੇਰੇ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ। ਇਸ ਕਰਕੇ ਵਿਸ਼ਵ ਭਰ ਦੇ ਵਿੱਚ ਇਹ ਦਸਵੇਂ ਸਥਾਨ ਤੇ ਹੈ, ਪਰ ਆਪਣੇ ਹੀ ਸੂਬੇ ਦੇ ਵਿੱਚ ਪੰਜਾਬੀ ਭਾਸ਼ਾ ਦੀ ਹੋ ਰਹੀ ਅਣਗਹਿਲੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਕੁਝ ਸੋਧਾਂ ਕੀਤੀਆਂ ਗਈਆਂ ਸਨ।
ਜਿੰਨਾਂ ਦੀ ਪਾਲਣਾ ਨਾ ਹੋਣ ਕਰਕੇ ਸਵਾਲ ਵੀ ਖੜੇ ਹੋ ਰਹੇ ਹਨ, ਤਿੰਨ ਕਾਨੂੰਨ ਬਣਾਏ ਗਏ ਸਨ। ਜਿੰਨ੍ਹਾਂ ਦੇ ਵਿੱਚ ਪੰਜਾਬੀ ਹੋਰਡਿੰਗਸ ਪੰਜਾਬੀ ਬੋਰਡ ਨੂੰ ਤਰਜੀਹ ਦੇਣ ਦਾ ਫੈਸਲਾ ਲਿਆ ਗਿਆ ਸੀ ਪਰ ਇਸ ਲਈ ਇੰਨ-ਬਿੰਨ ਪਾਲਣਾ ਨਾ ਹੋਣ ਕਰਕੇ ਹਾਲੇ ਵੀ ਨਾ ਸਿਰਫ ਪੰਜਾਬੀ ਨੂੰ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਹੀ ਦੂਜੇ ਜਾਂ ਤੀਜੇ ਨੰਬਰ 'ਤੇ ਲਿਖਿਆ ਗਿਆ ਹੈ। ਸਗੋਂ ਪੰਜਾਬੀ ਗਲਤ ਵੀ ਲਿਖੀ ਗਈ ਹੈ। ਇਥੋਂ ਤੱਕ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ 'ਤੇ ਜੁਰਮਾਨੇ ਲਾਉਣ ਦੀਆਂ ਵੀ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਨਿੱਜੀ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਥਾਂ 'ਤੇ ਹੋਰਨਾਂ ਭਾਸ਼ਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜਿਸ ਨੂੰ ਲੈ ਕੇ ਭਾਸ਼ਾ ਪ੍ਰੇਮੀ ਚਿੰਤਿਤ ਹਨ।

ਪਹਿਲੇ ਨੰਬਰ 'ਤੇ ਲਿਖੀ ਜਾਵੇਗੀ ਪੰਜਾਬੀ ਭਾਸ਼ਾ
ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਦੇ ਮਹਿੰਦਰ ਸਿੰਘ ਸੇਖੋ ਨੇ ਸਵਾਲ ਖੜੇ ਕੀਤੇ ਗਏ ਦੱਸਿਆ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਬਕਾਇਦਾ ਕਾਨੂੰਨ ਬਣਾਏ ਗਏ ਸਨ, ਪਰ ਇਨ੍ਹਾਂ ਦੀ ਪਾਲਣਾ ਨਾ ਹੋਣ ਕਰਕੇ ਉਨ੍ਹਾਂ ਨੇ ਕਿਹਾ ਕਿ ਸਾਡੇ ਵਿੱਚ ਨਮੋਸ਼ੀ ਜਰੂਰ ਹੈ। ਅੱਜ ਲੁਧਿਆਣਾ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਬੋਰਡਾਂ ਦੇ ਉੱਤੇ ਪੰਜਾਬੀ ਗਾਇਬ ਹੈ। ਉਨ੍ਹਾਂ ਨੇ ਕਿਹਾ ਜਦੋਂ ਕਿ ਕਾਨੂੰਨ ਸੀ ਕਿ ਪੰਜਾਬੀ ਭਾਸ਼ਾ ਪਹਿਲੇ ਨੰਬਰ 'ਤੇ ਲਿਖੀ ਜਾਵੇਗੀ ਅਤੇ ਬੋਲਡ ਅੱਖਰਾਂ ਦੇ ਵਿੱਚ ਹੋਵੇਗੀ, ਅੱਖਰ ਉਸ ਦੇ ਵੱਡੇ ਹੋਣਗੇ ਪਰ ਇਸ ਦੇ ਬਾਵਜੂਦ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਨੂੰ ਲੈ ਕੇ ਅੱਜ ਪਹੁੰਚੇ ਹਨ ਤਾਂ ਜੋ ਇਸ ਵੱਲ ਧਿਆਨ ਦਿੱਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਦੇ ਅਫਸਰ ਨੂੰ ਬਕਾਇਦਾ ਇਸ ਸਬੰਧੀ ਉਨ੍ਹਾਂ ਵੱਲੋਂ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ।

ਪੰਜਾਬੀ ਭਾਸ਼ਾ ਨੂੰ ਪ੍ਰਫੁਲਿੱਤ ਕਰਨਾ
ਲੁਧਿਆਣਾ ਦੇ ਭਾਸ਼ਾ ਅਫਸਰ ਸੰਦੀਪ ਸ਼ਰਮਾ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮਾਤ ਭਾਸ਼ਾ ਦਿਵਸ ਹੈ ਅਤੇ ਪੰਜਾਬੀ ਭਵਨ ਵਿਖੇ ਪੰਜਾਬੀ ਬੋਲੀ ਸਬੰਧੀ ਸਮਾਗਮ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਜਰੂਰ ਹੈ ਕਿ ਪੰਜਾਬੀ ਭਾਸ਼ਾ ਨੂੰ ਆਪਣੇ ਹੀ ਸੂਬੇ ਦੇ ਵਿੱਚ ਕਿਤੇ ਨਾ ਕਿਤੇ ਅਣਗੋਲਿਆ ਗਿਆ ਹੈ। ਜਿਸ ਵੱਲ ਧਿਆਨ ਦੇਣ ਲਈ ਲਗਾਤਾਰ ਵਿਭਾਗ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਹੋਡਿੰਗਸ ਅਤੇ ਪੰਜਾਬੀ ਬੋਰਡ ਦੇ ਲਈ ਵੀ ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦੀ ਪਾਲਣਾ ਜਰੂਰ ਜਲਦ ਤੋਂ ਜਲਦ ਹੋਵੇਗੀ। ਉੱਥੇ ਸੀ ਉਨ੍ਹਾਂ ਪੰਜਾਬੀ ਭਾਸ਼ਾ ਨੂੰ ਨਿੱਜੀ ਸਕੂਲਾਂ ਦੇ ਵਿੱਚੋਂ ਦਰਕਿਨਾਰ ਕੀਤੇ ਜਾਣ ਸਬੰਧੀ ਮਾਪਿਆਂ ਦੇ ਵਿੱਚ ਚੇਤਨਾ ਹੋਣ ਸਬੰਧੀ ਇਸ਼ਾਰਾ ਕੀਤਾ ਅਤੇ ਕਿਹਾ ਕਿ ਇਸ ਸਬੰਧੀ ਮਾਪਿਆਂ ਨੂੰ ਸੁਹਿਰਦ ਹੋਣਾ ਪਵੇਗਾ। ਮਾਪਿਆਂ ਨੂੰ ਇਸ ਸਬੰਧੀ ਜੇਕਰ ਲੱਗਦਾ ਹੈ ਤਾਂ ਸ਼ਿਕਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਮਾਪੇ ਸਾਹਮਣੇ ਨਹੀਂ ਆਉਣਗੇ। ਘਰ ਦੇ ਵਿੱਚ ਪੰਜਾਬੀ ਭਾਸ਼ਾ ਨਹੀਂ ਬੋਲੀ ਜਾਵੇਗੀ। ਉਦੋਂ ਤੱਕ ਪੰਜਾਬੀ ਭਾਸ਼ਾ ਨੂੰ ਪ੍ਰਫੁਲਿੱਤ ਨਹੀਂ ਕੀਤਾ ਜਾ ਸਕਦਾ।
ਮਾਤ ਭਾਸ਼ਾਵਾਂ ਨੂੰ ਬਚਾਉਣ ਦੇ ਲਈ ਕੁਰਬਾਨੀਆਂ
ਹਾਲਾਂਕਿ ਇਸ ਸਬੰਧੀ ਭਾਸ਼ਾ ਵਿਭਾਗ ਦੇ ਪ੍ਰੈਸ ਸਕੱਤਰ ਜਸਵੀਰ ਝੱਜ ਦਾ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਕਿਸੇ ਤੇ ਜ਼ਬਰਦਸਤੀ ਨਹੀਂ ਥੋਪਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਹਰ ਖਿੱਤੇ ਦੀ ਆਪਣੀ ਭਾਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਦੇ ਵਿੱਚ ਬਹੁਤਾਂਤ ਭਾਸ਼ਾ ਦੇ ਲੋਕ ਰਹਿੰਦੇ ਹਨ। ਇਸ ਕਰਕੇ ਸ਼ਹਿਰਾਂ ਦੇ ਵਿੱਚ ਸਿਰਫ ਪੰਜਾਬੀ ਹੋਡਿੰਗਸ ਜਾਂ ਫਿਰ ਪੰਜਾਬੀ ਬੋਰਡ ਲਾਉਣਾ ਲੋਕ ਨਹੀਂ ਸਹੀ ਸਮਝਦੇ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਇਹ ਕਾਨੂੰਨ ਜਰੂਰ ਬਣਾਇਆ ਗਿਆ ਹੈ ਪਰ ਇਸ ਦੀ ਪਾਲਨਾ ਆਪਣੀ ਇੱਛਾ ਅਤੇ ਮਰਜ਼ੀ ਨਾਲ ਹੋਣੀ ਚਾਹੀਦੀ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਮਾਂ ਬੋਲੀ ਦਿਵਸ ਪੂਰੇ ਵਿਸ਼ਵ ਭਰ ਦੇ ਵਿੱਚ ਖੇਤਰੀ ਭਾਸ਼ਾਵਾਂ ਨੂੰ ਲੈ ਕੇ ਮਨਾਇਆ ਜਾਂਦਾ ਹੈ। ਪੰਜਾਬ ਦੇ ਵਿੱਚ ਅਸੀਂ ਪੰਜਾਬੀ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮਾਤ ਭਾਸ਼ਾਵਾਂ ਨੂੰ ਬਚਾਉਣ ਦੇ ਲਈ ਵੀ ਕਈ ਕੁਰਬਾਨੀਆਂ ਹੋਈਆਂ ਹਨ। ਇਸ ਦਾ ਪੁਰਾਣਾ ਇਤਿਹਾਸ ਹੈ ਇਸ ਨੂੰ ਸਾਨੂੰ ਸਮਝਣ ਦੀ ਲੋੜ ਹੈ।