ਮਾਨਸਾ: ਜਦੋਂ ਤੱਕ ਪੰਜਾਬੀਆਂ ਦੀਆਂ ਰਗਾਂ 'ਚ ਆਪਣੀ ਮਾਂ ਬੋਲੀ ਲਈ ਨਿਰਸਵਾਰਥ ਪਿਆਰ ਰਹੇਗਾ, ਉਦੋਂ ਤੱਕ ਪੰਜਾਬੀ ਮਾਂ ਬੋਲੀ ਨੂੰ ਕੋਈ ਖ਼ਤਰਾ ਨਹੀਂ। ਇਸ ਗੱਲ ਦਾ ਸਬੂਤ ਪੰਜਾਬ ਦਾ ਪਹਿਲਾ ਗੁਰਮੁਖੀ ਸੈਲਫੀ ਪੁਆਇੰਟ ਬੱਸ ਸਟੈਂਡ ਬਹਿਣੀਵਾਲ ਹੈ। ਜੀ ਹਾਂ, ਇਹ ਗੁਰਮੁਖੀ ਦਾ ਪਹਿਲਾ ਸੈਲਫ਼ੀ ਪੁਆਇੰਟੀ ਸਟੈਂਡ ਮਾਨਸਾ 'ਚ ਬਣਾਇਆ ਗਿਆ ਹੈ।
ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਹਾੜਾ
ਤੁਹਾਨੂੰ ਦੱਸ ਦਈਏ ਕਿ ਅੱਜ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਾਲੇ ਲੋਕਾਂ ਵੱਲੋਂ ਆਪਣੇ-ਆਪਣੇ ਢੰਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਅੰਤਰਰਾਸ਼ਟਰੀ ਪੰਜਾਬੀ ਮਾਂ ਬੋਲੀ ਦਿਵਸ ਮੌਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਵਿਖੇ ਗੁਰਮੁਖੀ ਵਿੱਚ ਸੈਲਫ਼ੀ ਪੁਆਇੰਟ ਬਣਾਇਆ ਗਿਆ ਅਤੇ ਪੰਜਾਬੀ ਭਾਸ਼ਾ ਵਿੱਚ ਆਈਏਐਸ ਕਰਨ ਵਾਲੇ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ "ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿੰਤਾ ਜ਼ਾਹਿਰ ਕਰਦੇ ਆਖਿਆ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅੱਜ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।"
ਸਭ ਤੋਂ ਵਧੀਆ ਸੈਲਫੀ ਪੁਆਇੰਟ ਬਣਾਉਣ 'ਤੇ ਇਨਾਮ
ਪੰਜਾਬੀ ਭਾਸ਼ਾ ਦੇ ਪ੍ਰਚਾਰਕ ਹਰਪ੍ਰੀਤ ਸਿੰਘ ਬ੍ਰਾਹਮਣਵਾਲ ਨੇ ਕਿਹਾ ਕਿ "ਇਹ ਸੈਲਫੀ ਪੁਆਇੰਟ ਤਲਵੰਡੀ ਸਾਬੋ ਅਤੇ ਮਾਨਸਾ ਦੇ ਮੁੱਖ ਮਾਰਗ 'ਤੇ ਸਥਾਪਿਤ ਕੀਤਾ ਹੈ। ਹਰਪ੍ਰੀਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਬਾਲੀਵੁੱਡ ਹਸਤੀਆਂ ਅਤੇ ਸਿਆਸਤਦਾਨਾਂ ਨੂੰ ਪੱਤਰ ਵੀ ਲਿਖੇ ਹਨ। ਇਸ ਮੌਕੇ ਵੱਡਾ ਐਲਾਨ ਕੀਤਾ ਗਿਆ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੀ ਜੋ ਵੀ ਸਭ ਪੰਚਾਇਤ ਵਧੀਆ ਪੰਜਾਬੀ ਮਾਂ ਬੋਲੀ ਸੈਲਫੀ ਪੁਆਇੰਟ ਬਣਾਏਗੀ, ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।"
ਜਾਗਰੂਕਤਾ ਰੈਲੀ
ਇਸ ਪ੍ਰੋਗਰਾਮ ਵਿੱਚ ਸਕੂਲੀ ਬੱਚਿਆਂ ਨੇ ਮਾਂ ਬੋਲੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਰੈਲੀ ਕੱਢੀ। ਰੈਲੀ ਨੂੰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਸੰਸਥਾਵਾਂ ਵਿੱਚ ਵੀ ਮਾਂ ਬੋਲੀ ਦਿਵਸ ਸਬੰਧੀ ਪ੍ਰੋਗਰਾਮ ਕਰਵਾਏ ਗਏ ਤਾਂ ਜੋ ਆਪਣੀ ਪੰਜਾਬੀ ਮਾਂ ਬੋਲੀ ਬਾਰੇ ਜਾਗਰੂਕ ਕੀਤਾ ਜਾ ਸਕੇ।