ਬਠਿੰਡਾ: ਅੱਜ ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਪਹਿਲੀ ਬਰਸੀ ਮਨਾਈ ਗਈ। ਇਸ ਸਮਾਗਮ ਦੌਰਾਨ ਕਿਸਾਨ ਆਗੂਆਂ ਵੱਲੋਂ ਪਿੰਡ ਵਾਸੀਆਂ ਮੂਹਰੇ ਨੌਜਵਾਨ ਦੇ ਬੁੱਤ ਤੋਂ ਪਰਦਾ ਹਟਾਇਆ ਗਿਆ। ਇਸ ਮੌਕੇ ਸ਼ਹੀਦ ਨੌਜਵਾਨ ਕਿਸਾਨ ਦਾ ਬੁੱਤ ਵੇਖ ਕੇ ਪਰਿਵਾਰ ਦੇ ਨਾਲ-ਨਾਲ ਪਿੰਡ ਵਾਸੀ ਵੀ ਭਾਵੁਕ ਨਜ਼ਰ ਆਏ। ਇਸ ਦੌਰਾਨ ਭਰੀਆਂ ਅੱਖਾਂ ਨਾਲ ਹੀ ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਕਿਸਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਦੱਸ ਦਈਏ ਕਿ ਇਸ ਮੌਕੇ ਸ਼ੁੱਭਕਰਨ ਦੇ ਪਿੰਡ ਬੱਲੋ ਵਿੱਚ ਕਿਸਾਨਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਅਤੇ ਅੱਜ ਹੀ ਸ਼੍ਰੀ ਅਖੰਡ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਜਾ ਰਹੇ ਹਨ।
ਕਿਸਾਨ ਆਗੂਆਂ ਨੇ ਕੀਤਾ ਯਾਦ
ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਕਿਵੇਂ ਹਰਿਆਣਾ ਪੁਲਿਸ ਨੇ ਅੰਨੇ ਵਾਂ ਦਿੱਲੀ ਵੱਲ ਵੱਧ ਰਹੇ ਕਿਸਾਨਾਂ 'ਤੇ ਗੋਲੀਆਂ ਚਲਾਈਆਂ। ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਅਤੇ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਸ਼ਹੀਦ ਹੋ ਗਿਆ। ਜਿਸ ਦੀ ਮਹਿਜ਼ ਦੋ ਕਨਾਲ ਜ਼ਮੀਨ ਸੀ, ਤਾਂ ਵੀ ਉਸ ਨੇ ਇਸ ਅੰਦੋਲਨ 'ਚ ਯੋਗਦਾਨ ਪਾਇਆ ਅਤੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। ਅਜਿਹੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰਾਂ ਵੱਲੋਂ ਅਣਗੋਲਿਆਂ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਹੋਰ ਵੀ ਤਸ਼ੱਦਦ ਕੀਤਾ ਜਾ ਰਿਹਾ ਹੈ ਇਹ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਵੀ ਮਰਨ ਵਰਤ 'ਤੇ ਹਨ ਪਰ ਕਿਸੇ ਸਰਕਾਰ ਨੂੰ ਕੋਈ ਪਰਵਾਹ ਨਹੀਂ।
ਸਰਕਾਰਾਂ ਨੇ ਕੀਤਾ ਅਣਗੋਲਿਆਂ
ਕਿਸਾਨ ਆਗੂਆਂ ਨੇ ਕਿਹਾ ਕਿ ਨਾ ਹੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਰਹੀ ਹੈ ਤੇ ਨਾ ਹੀ ਪੰਜਾਬ ਦੀ ਮੌਜੂਦਾ ਸਰਕਾਰ ਕਿਸਾਨਾਂ ਦੇ ਮਸਲੇ ਹਲ ਕਰ ਰਹੀ ਹੈ। ਪੰਜਾਬ ਦੀ ਸਰਕਾਰ ਵੀ ਕੇਂਦਰ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੁੱਭਕਰਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਬਹੁਤ ਸਾਰੇ ਵਾਅਦੇ ਕੀਤੇ ਸਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇੱਥੋਂ ਤੱਕ ਕਿ ਪਿੰਡ ਵਿੱਚ ਯਾਦਗਾਰ ਸਥਾਪਿਤ ਕਰਨ ਦਾ ਵਾਅਦਾ ਵੀ ਪਰਿਵਾਰ ਨਾਲ ਕੀਤਾ ਸੀ ਪਰ ਇਸ 'ਤੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਇਨ੍ਹਾਂ ਹੀ ਨਹੀਂ ਅੱਜ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਪਰਿਵਾਰ ਨਾਲ ਬਰਸੀ ਮੌਕੇ ਦੁੱਖ ਸਾਂਝਾ ਕਰਨ ਨਹੀਂ ਪੁੱਜਿਆ।
ਜਗਜੀਤ ਸਿੰਘ ਡੱਲੇਵਾਲ ਨੇ ਦਿੱਤੀ ਸ਼ਰਧਾਂਜਲੀ
ਉਥੇ ਹੀ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਵੀ ਆਪਣੀ ਟਰਾਲੀ ’ਚੋਂ ਬਾਹਰ ਆਏ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨੂੰ ਨਤਮਸਤਕ ਹੋਏ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਸ਼ਹੀਦ ਸ਼ੁਭਕਰਨ ਸਿੰਘ ਦੀ ਪਹਿਲੀ ਬਰਸੀ ’ਤੇ ਸ਼ਰਧਾਜ਼ਲੀ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸ਼ੁਭਕਰਨ ਸਿੰਘ ਭਰੀ ਜਵਾਨੀ ਵਿਚ ਸ਼ਹਾਦਤ ਜਾਮ ਪੀ ਗਿਆ ਹੈ ਉਹ ਨੂੰ ਕਦੇ ਭੁੱਲਿਆ ਨਹੀਂ ਜਾਵੇਗਾ।