ਨਵੀਂ ਦਿੱਲੀ: ਫ਼ਲਿੱਪਕਾਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ ਵਿੱਚ ਅਸਥਾਈ ਰੂਪ ਤੋਂ ਆਪਣੇ ਕੰਮ ਨੂੰ ਬੰਦ ਕਰ ਰਹੀ ਹੈ। ਕੰਪਨੀ ਨੇ ਕੋਵਿਡ-19 ਮਹਾਂਮਾਰੀ ਨੂੰ ਰੋਕਣ ਦੇ ਲਈ 21 ਦਿਨਾਂ ਦੀ ਦੇਸ਼-ਵਿਆਪੀ ਬੰਦੀ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਹੈ।
ਫ਼ਲਿੱਪਕਾਰਟ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ ਕਿ 24 ਮਾਰਚ ਤੋਂ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਦੇ ਲਈ ਪੂਰੇ ਭਾਰਤ ਵਿੱਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਹੋਇਆ ਹੈ, ਇਸ ਲਈ ਅਸੀਂ ਅਸਥਾਈ ਰੂਪ ਨਾਲ ਆਪਣੀਆਂ ਸੇਵਾਵਾਂ ਨੂੰ ਬੰਦ ਕਰ ਰਹੇ ਹਾਂ।
ਬਲਾਗ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਸੀਂ ਜਿੰਨੀ ਜਲਦੀ ਹੋਵੇ, ਆਪਣੀ ਸੇਵਾਵਾਂ ਨੂੰ ਵਾਪਸ ਚਲਾਵਾਂਗੇ।
ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 21 ਦਿਨਾਂ ਦੇ ਲਈ ਪੂਰੇ ਦੇਸ਼ ਵਿੱਚ ਬੰਦ ਦਾ ਐਲਾਨ ਕੀਤਾ ਸੀ। ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਖ ਲਗਭਗ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 500 ਤੋਂ ਜ਼ਿਆਦਾ ਸੰਕਰਮਿਤ ਹਨ।
ਇਸ ਤੋਂ ਪਹਿਲਾਂ ਐਮਾਜ਼ੋਨ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਸ ਨੇ ਅਸਥਾਈ ਰੂਪ ਨਾਲ ਘੱਟ ਪਹਿਲ ਵਾਲੇ ਉਤਪਾਦਾਂ ਦੇ ਆਰਡਰ ਲੈਣੇ ਬੰਦ ਕਰ ਦਿੱਤੇ ਹਨ ਅਤੇ ਉਹ ਸਵੱਛਤਾ ਅਤੇ ਹੋਰ ਉੱਚ ਪਹਿਲ ਵਾਲੇ ਉਤਪਾਦਾਂ ਦੀ ਪੂਰਤੀ ਉੱਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਦੇਸ਼ ਵਿੱਚ ਈ-ਕਾਮਰਸ ਕੰਪਨੀਆਂ ਨੂੰ ਉਤਪਾਦਾਂ ਦੀ ਸਪਲਾਈ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਸਰਕਾਰ ਨੇ ਆਪਣੀ ਸੂਚਨਾ ਵਿੱਚ ਈ-ਕਾਮਰਸ ਦੇ ਮਾਧਿਅਮ ਰਾਹੀਂ ਖਾਣ-ਪੀਣ, ਦਵਾਈਆਂ ਅਤੇ ਇਲਾਜ ਉਪਕਰਨਾਂ ਸਮੇਤ ਸਾਰੇ ਜ਼ਰੂਰੀ ਸਮਾਨਾਂ ਦੀ ਡਿਲਵਿਰੀ ਦੀ ਆਗਿਆ ਵੀ ਹੈ।
(ਪੀਟੀਆਈ-ਭਾਸ਼ਾ)