ਨਵੀਂ ਦਿੱਲੀ: ਹੈਟੇਰੋ ਲੈਬਜ਼ ਨੇ ਕੋਵੀਫੋਰ ਦੀਆਂ 20 ਹਜ਼ਾਰ ਸ਼ੀਸ਼ੀਆਂ ਤਿਆਰ ਕਰ ਕੇ ਭਾਰਤ ਦੇ 5 ਸੂਬਿਆਂ ਵਿੱਚ ਭੇਜ ਦਿੱਤੀਆਂ ਹਨ। ਇਸ ਵਿੱਚ ਹੈਦਰਾਬਾਦ, ਦਿੱਲੀ, ਗੁਜਰਾਤ, ਤਾਮਿਲਨਾਡੂ ਅਤੇ ਮਹਾਰਾਸ਼ਟਰ ਸ਼ਾਮਲ ਹਨ।
ਇਸ ਤੋਂ ਬਾਅਦ ਅਗਲੀ ਸਪਲਾਈ ਕੋਲਕਾਤਾ, ਇੰਦੌਰ, ਭੋਪਾਲ, ਲਖਨਊ, ਪਟਨਾ, ਭੁਵਨੇਸ਼ਵਰ, ਰਾਂਚੀ, ਵਿਜੈਵਾੜਾ, ਕੋਚੀਨ, ਤ੍ਰਿਵੇਂਦਰਮ ਅਤੇ ਗੋਆ ਵਿਖੇ ਅਗਲੇ ਹਫ਼ਤੇ ਵਿੱਚ ਭੇਜੀ ਜਾਵੇਗੀ।
ਹੈਟਰੋ ਹੈਲਥਕੇਅਰ ਨੇ ਅਗਲੇ ਹਫ਼ਤੇ ਵਿੱਚ 1 ਲੱਖ ਸ਼ੀਸ਼ੀਆਂ ਤਿਆਰ ਕਰਨ ਦਾ ਟੀਚਾ ਮਿੱਥਿਆ ਹੈ। ਦੱਸ ਦਈਏ ਕਿ ਇੱਕ ਸ਼ੀਸ਼ੀ ਦੀ ਕੀਮਤ 5400 ਰੁਪਏ ਰੱਖੀ ਗਈ ਹੈ ਅਤੇ ਇੱਕ ਮਰੀਜ਼ ਨੂੰ 6 ਸ਼ੀਸ਼ੀਆਂ ਦੀ ਲੋੜ ਪੈਂਦੀ ਹੈ।
ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਰੈਮਡੀਸਿਵਰ ਬਣਾਉਣ ਦੀ ਆਗਿਆ ਸਿਪਲਾ ਅਤੇ ਹੈਟਰੋ ਹੈਲਥਕੇਅਰ ਨੂੰ ਦਿੱਤੀ ਹੈ।
ਪੀਟੀਆਈ ਭਾਸ਼ਾ ਮੁਤਾਬਕ ਹੈਟਰੋ ਹੈਲਥਕੇਅਰ ਦੇ ਪ੍ਰਬੰਧ ਨਿਰਦੇਸ਼ਕ ਐੱਮ. ਸ਼੍ਰੀ ਨਿਵਾਸ ਰੈੱਡੀ ਨੇ ਕਿਹਾ ਕਿ ਭਾਰਤ ਵਿੱਚ ਕੋਵੀਫੋਰ ਨੂੰ ਪੇਸ਼ ਕਰਨਾ ਸਾਡੇ ਲਈ ਇੱਕ ਮਹੱਤਵਪੂਰਨ ਉਪਲੱਭਧੀ ਹੈ। ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਕਾਰਨ ਇਸ ਸਮੇਂ ਡਾਕਟਰੀ ਢਾਂਚੇ ਉੱਤੇ ਕਾਫ਼ੀ ਦਬਾਅ ਹੈ।
ਦੱਸ ਦਈਏ ਕਿ ਕੋਵੀਫੋਰ ਰੈਮਡੀਸਿਵਰ ਦਾ ਪਹਿਲਾ ਸਾਧਾਰਣ ਐਡੀਸ਼ਨ ਹੈ। ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਇਸ ਦੀ ਵਰਤੋਂ ਬੱਚਿਆਂ, ਹਸਪਤਾਲਾਂ ਵਿੱਚ ਗੰਭੀਰ ਸੰਕਰਮਣ ਦੇ ਕਾਰਨ ਭਰਤੀ ਮਰੀਜ਼ਾਂ ਦੇ ਇਲਾਜ ਦੇ ਲਈ ਕੀਤੀ ਜਾ ਸਕਦੀ ਹੈ।