ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੇ ਆਪਣਾ ਨਵਾਂ ਲੋਗੋ ਜਾਰੀ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ ਵਿੱਚ 1 ਅਪ੍ਰੈਲ ਤੋਂ ਯੂਨਾਈਟਡ ਬੈਂਕ ਆਫ਼ ਇੰਡੀਆ ਅਤੇ ਓਬੀਸੀ ਦਾ ਰੇਲੇਵਾਂ ਹੋਣ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਇਹ ਲੋਗੋ ਜਾਰੀ ਕੀਤਾ ਗਿਆ ਹੈ।
ਨਵੇਂ ਪ੍ਰਤੀਕ ਚਿੰਨ੍ਹਾਂ ਦੀ ਸ਼੍ਰੇਣੀ ਵਿੱਚ ਜਨਤਕ ਖੇਤਰ ਦੇ 3 ਬੈਂਕਾਂ ਦੇ ਪ੍ਰਤੀਕ ਚਿੰਨ੍ਹ ਹਨ। ਇਸ ਰਲੇਵੇਂ ਦੇ ਨਾਲ ਹੀ ਪੀਐੱਨਬੀ ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।
ਪੀਐੱਨਬੀ ਨੇ ਸੋਮਵਾਰ ਨੂੰ ਟਵੀਟ ਕੀਤਾ, ''ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਡ ਬੈਂਕ ਆਫ਼ ਇੰਡੀਆ ਦੇ ਨਾਲ ਪੰਜਾਬ ਨੈਸ਼ਨਲ ਬੈਂਕ ਇੱਕ ਨਵੇਂ ਅਵਤਾਰ ਵਿੱਚ ਆ ਰਿਹਾ ਹੈ। ਸਾਡਾ ਸਾਥ ਇੱਕ ਵਧੀਆ ਸਫ਼ਰ, ਸਹਿਜ ਅਤੇ ਸਮਾਰਟ ਬੈਂਕਿੰਗ ਦੇ ਲਈ ਹੈ।"
ਪੀਐੱਨਬੀ ਨੇ ਕਿਹਾ ਕਿ ਜਿਹੜੇ ਬੈਂਕਾ ਦਾ ਰਲੇਵਾਂ ਹੋ ਰਿਹਾ ਹੈ, ਉਨ੍ਹਾਂ ਦੇ ਲਈ ਚਿੰਤਾ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ 3 ਬੈਂਕ ਵਧੀਆ, ਵੱਡੇ ਅਤੇ ਮਜ਼ਬੂਤ ਹੋਣ ਦੇ ਲਈ ਇਕੱਠੇ ਹੋ ਰਹੇ ਹਨ।
ਇੱਕ ਹੋਰ ਟਵੀਟ ਵਿੱਚ ਬੈਂਕ ਨੇ ਕਿਹਾ ਕਿ ਇੱਕਠੇ ਅਸੀਂ ਜ਼ਿਆਦਾ ਵੱਡੇ, ਜ਼ਿਆਦਾ ਮਜ਼ਬੂਤ ਅਤੇ ਜ਼ਿਆਦਾ ਤੇਜ਼ ਹਾਂ। ਲੋਕ ਅਤੇ ਬੈਂਕਿੰਗ ਹੁਣ ਪਹਿਲਾਂ ਨਾਲੋਂ ਜ਼ਿਆਦਾ ਨਜ਼ਦੀਕ ਹੋਣਗੇ।
ਪੀਐੱਨਬੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਦੇਸ਼-ਪੱਧਰੀ ਬੰਦ ਦੌਰਾਨ ਲੋਕਾਂ ਨੂੰ ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਹੈ। ਜਨਤਕ ਖੇਤਰ ਦੇ 10 ਬੈਂਕਾਂ ਦਾ 1 ਅਪ੍ਰੈਲ 2020 ਤੋਂ 4 ਵੱਡੇ ਬੈਂਕਾਂ ਵਿੱਚ ਰਲੇਵਾਂ ਹੋ ਜਾਵੇਗਾ।
(ਪੀਟੀਆਈ-ਭਾਸ਼ਾ)