ਨਵੀਂ ਦਿੱਲੀ : ਏਅਰ ਇੰਡੀਆ ਨੂੰ ਅਲਟੀਮੇਟਮ ਦਿੰਦੇ ਹੋਏ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਬੁੱਧਵਾਰ ਨੂੰ ਏਅਰ ਇੰਡੀਆ ਨੂੰ ਮਹੀਨਾਵਾਰ ਅਦਾਇਗੀ ਦਾ ਭੁਗਤਾਨ 18 ਅਕਤੂਬਰ ਤੱਕ ਕਰਨ ਨੂੰ ਕਿਹਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਘਰੇਲੂ ਹਵਾਈ ਅੱਡਿਆਂ ਉੱਤੇ ਈਂਧਨ ਦੀ ਪੂਰਤੀ ਉੱਤੇ ਰੋਕ ਲਾਉਣੀ ਪਵੇਗੀ।
ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਨੇ ਏਅਰ ਇੰਡੀਆ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਹੈ ਕਿ ਮਹੀਨਾਵਾਰ ਅਦਾਇਗੀ ਦਾ ਭੁਗਤਾਨ ਨਾ ਹੋਣ ਕਾਰਨ ਬਕਾਏ ਵਿੱਚ ਕਮੀ ਨਹੀਂ ਆਈ ਹੈ।
ਤਿੰਨੋਂ ਤੇਲ ਕੰਪਨੀਆਂ ਪਹਿਲਾਂ ਹੀ ਦੱਸ ਚੁੱਕੀਆਂ ਹਨ ਕਿ ਏਅਰ ਇੰਡੀਆ ਉੱਤੇ ਉਨ੍ਹਾਂ ਦਾ 5,000 ਕਰੋੜ ਰੁਪਏ ਦਾ ਈਂਧਨ ਦਾ ਬਕਾਇਆ ਹੈ। ਇਸ ਵਿੱਚੋਂ ਕੁੱਝ ਬਕਾਇਆ 8 ਮਹੀਨੇ ਪੁਰਾਣਾ ਹੈ।
ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਨੇ 22 ਅਗਸਤ ਨੂੰ ਕੋਚੀ, ਮੋਹਾਲੀ, ਪੁਣੇ, ਪਟਨਾ, ਰਾਂਚੀ ਅਤੇ ਵਿਸ਼ਾਖ਼ਾਪਟਨਮ ਹਵਾਈ ਅੱਡਿਆਂ ਉੱਤੇ ਏਅਰ ਇੰਡੀਆ ਨੂੰ ਈਂਧਨ ਦੀ ਪੂਰਤੀ ਰੋਕ ਦਿੱਤੀ ਸੀ। ਇਸ ਦਾ ਕਾਰਨ ਏਅਰ ਇੰਡੀਆ ਦਾ ਭੁਗਤਾਨ ਵਿੱਚ ਰੁਕਾਵਟ ਹੈ।
ਹਾਲਾਂਕਿ ਨਾਗਰ ਜਹਾਜ਼ ਮੰਤਰਾਲੇ ਦੇ ਦਖ਼ਲ ਉੱਤੇ ਉਨ੍ਹਾਂ ਨੇ ਇਹ ਪੂਰਤੀ 7 ਸਤੰਬਰ ਨੂੰ ਦੁਬਾਰਾ ਸ਼ੁਰੂ ਕਰ ਦਿੱਤੀ ਸੀ। ਪਰ ਹੁਣ ਕੰਪਨੀਆਂ ਨੇ ਚਿੱਠੀ ਵਿੱਚ ਕਿਹਾ ਹੈ ਕਿ ਮਹੀਨੇ ਦੇ ਆਧਾਰ ਉੱਤੇ ਮਹੀਨਾਵਾਰ ਭੁਗਤਾਨ ਨਾ ਕਰਨ ਉੱਤੇ ਉਹ 18 ਅਕਤੂਬਰ ਤੋਂ ਏਅਰ ਇੰਡੀਆ ਦੀ ਈਂਧਨ ਪੂਰਤੀ ਬੰਦ ਕਰ ਦੇਵੇਗੀ।