ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਪਣੇ ਸੰਬੋਧਨ ਦੌਰਾਨ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਇਸ ਬਾਰੇ ਵੇਰਵੇ ਦੇਣ ਦੀ ਸੰਭਾਵਨਾ ਹੈ ਕਿ ਬੁੱਧਵਾਰ ਨੂੰ ਕਿਨ੍ਹਾਂ ਸੈਕਟਰਾਂ ਅਤੇ ਖੇਤਰਾਂ ਨੂੰ ਕਿੰਨ੍ਹੀ ਰਕਮ ਦਿੱਤੀ ਜਾਵੇਗੀ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ।
ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਨੇ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰਦਿਆਂ ਕਿਹਾ, "ਅੱਜ ਜੋ ਆਰਥਿਕ ਪੈਕੇਜ ਐਲਾਨਿਆ ਜਾ ਰਿਹਾ ਹੈ, ਜੇ ਉਸ ਨੂੰ ਜੋੜਿਆ ਜਾਵੇ ਤਾਂ ਲਗਭਗ 20 ਲੱਖ ਕਰੋੜ ਰੁਪਏ ਆਉਂਦੇ ਹਨ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਲਗਭਗ 10 ਫੀਸਦੀ ਹੈ। ਇਸ ਦੇ ਵੱਖ-ਵੱਖ ਭਾਗਾਂ ਨਾਲ ਦੇਸ਼ ਅਤੇ ਆਰਥਿਕ ਪ੍ਰਣਾਲੀ ਨਾਲ ਜੁੜੇ ਲੋਕਾਂ ਨੂੰ 20 ਲੱਖ ਕਰੋੜ ਰੁਪਏ ਦੀ ਮਦਦ ਅਤੇ ਤਾਕਤ ਮਿਲੇਗੀ।"
ਵੱਡੇ ਆਰਥਿਕ ਸੁਧਾਰਾਂ ਦਾ ਸੰਕੇਤ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ ਤੋਂ ਆਰਥਿਕ ਪੈਕੇਜ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ, "ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਗਰੀਬ, ਮਜ਼ਦੂਰ, ਪ੍ਰਵਾਸੀ ਮਜ਼ਦੂਰ, ਪਸ਼ੂ ਪਾਲਣ ਕਰਨ ਵਾਲੇ, ਸਾਡੇ ਮਛੇਰੇ, ਸੰਗਠਿਤ ਖੇਤਰ ਜਾਂ ਅਸੰਗਠਿਤ ਖੇਤਰ ਹੋਣ, ਹਰ ਵਰਗ ਦੇ ਆਰਥਿਕ ਪੈਕੇਜ ਵਿੱਚ ਕੁਝ ਮਹੱਤਵਪੂਰਨ ਫੈਸਲਿਆਂ ਦਾ ਐਲਾਨ ਕੀਤਾ ਜਾਵੇਗਾ।"
ਪੀਐੱਮ ਮੋਦੀ ਨੇ ਕਿਹਾ, ਲੌਕਡਾਊਨ ਦਾ ਚੌਥਾ ਗੇੜ, ਲੌਕਡਾਊਨ 4, ਪੂਰੀ ਤਰ੍ਹਾਂ ਨਵੇਂ ਰੰਗਰੂਪ ਤੇ ਨਵੇਂ ਨਿਯਮਾਂ ਵਾਲਾ ਹੋਵੇਗਾ। ਰਾਜਾਂ ਤੋਂ ਸਾਨੂੰ ਜੋ ਸੁਝਾਅ ਮਿਲ ਰਹੇ ਹਨ, ਉਨ੍ਹਾਂ ਦੇ ਆਧਾਰ 'ਤੇ ਲੌਕਡਾਊਨ 4 ਨਾਲ ਜੁੜੀ ਜਾਣਕਾਰੀ ਵੀ ਤੁਹਾਨੂੰ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ।