ਨਵੀਂ ਦਿੱਲੀ : ਜਨਤਕ ਖੇਤਰ ਦੀ ਦੂਰ-ਸੰਚਾਰ ਕੰਪਨੀ ਐੱਮਟੀਐੱਨਐੱਲ ਨੇ ਆਪਣੇ ਕਰਮਚਾਰੀਆਂ ਨੂੰ ਮਾਰਚ ਤੱਕ ਰੁੱਕੀ ਹੋਈ ਤਨਖ਼ਾਹ ਦੇ ਦਿੱਤੀ ਹੈ ਅਤੇ ਹੁਣ ਉਹ ਕੁੱਝ ਸੰਪਤੀ ਬਜ਼ਾਰ ਵਿੱਚ ਚੜ੍ਹਿਆ ਕਰਜ਼ਾ ਹਲਕਾ ਕਰਨ ਉੱਤੇ ਧਿਆਨ ਦੇ ਰਹੀ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੀਐੱਨਐੱਨਐੱਲ ਨੇ ਆਪਣੇ ਕਰਮਚਾਰੀਆਂ ਨੂੰ ਫ਼ਰਵਰੀ ਤੱਕ ਦੀ ਤਨਖ਼ਾਹ ਦਿੱਤੀ ਹੈ ਅਤੇ ਮਾਰਚ ਮਹੀਨੇ ਦੀ ਤਨਖ਼ਾਹ ਦੇਣੀ ਹੈ। ਸਵੈ-ਇਛੁੱਕ ਸੇਵਾ-ਮੁਕਤੀ ਤੋਂ ਬਾਅਦ ਐੱਮਟੀਐੱਨਐੱਲ ਦੇ ਤਨਖ਼ਾਹੀ ਬੋਝ ਵਿੱਚ 60 ਫ਼ੀਸਦੀ ਦੀ ਕਮੀ ਆਈ ਹੈ। ਕੰਪਨੀ ਦੇ 14,378 ਕਰਮਚਾਰੀਆਂ ਨੇ ਵੀਆਰਐੱਸ ਲਿਆ ਹੈ। ਹੁਣ ਦਿੱਲੀ ਅਤੇ ਮੁੰਬਈ ਵਿੱਚ ਉਸ ਦੇ ਕਰਮਚਾਰੀਆਂ ਦੀ ਗਿਣਤੀ 4,000 ਰਹਿ ਗਈ ਹੈ।
ਐੱਮਟੀਐੱਨਐੱਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੁਨੀਲ ਕੁਮਾਰ ਨੇ ਕਿਹਾ ਕਿ ਅਸੀਂ ਮਾਰਚ ਤੱਕ ਦੀ ਤਨਖ਼ਾਹ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਬਚੀਆਂ ਛੁੱਟੀਆਂ ਤੋਂ ਮਿਲਣ ਵਾਲੀ ਬਕਾਇਆ ਰਾਸ਼ੀ ਦਾ ਵੀ ਭੁਗਤਾਨ ਕਰ ਦਿੱਤਾ ਹੈ। ਮਾਰਚ ਮਹੀਨੇ ਵਿੱਚ ਫ਼ੰਡ ਉਗਰਾਹੀ 190 ਕਰੋੜ ਰੁਪਏ ਸੀ ਜਿਸ ਵਿੱਚੋਂ ਅਸੀਂ 30 ਕਰੋੜ ਰੁਪਏ ਤਨਖ਼ਾਹ ਵਿੱਚ ਵੰਡ ਦਿੱਤੇ ਹਨ।
ਉਨ੍ਹਾਂ ਨੇ ਕਿਹਾ ਕਿ ਵੀਆਰਐੱਸ ਲੈਣ ਵਾਲੇ ਸਾਰੇ ਕਰਮਚਾਰੀਆਂ ਨੂੰ ਪਹਿਲੀ ਕਿਸ਼ਤ ਦੇ ਅਧੀਨ ਰਾਸ਼ੀ ਦੇ ਰੂਪ ਵਿੱਚ 804 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਕੰਪਨੀ ਬਾਕੀ 50 ਫ਼ੀਸਦੀ ਦਾ ਭੁਗਤਾਨ ਸਮੇਂ ਦੇ ਅੰਦਰ ਅੰਦਰ ਕਰ ਦੇਵੇਗੀ।
ਕੁਮਾਰ ਨੇ ਕਿਹਾ ਕਿ ਹੁਣ ਸਾਡੇ ਕੋਲ ਕਰਜ਼ ਦਾ ਮਸਲਾ ਹੈ। ਕਰਜ਼ ਤੋਂ ਇਲਾਵਾ ਵਿੱਤੀ ਲਾਗਤ ਲਗਭਗ 2,000 ਕਰੋੜ ਰੁਪਏ ਹੈ ਜੋ ਬਹੁਤ ਜ਼ਿਆਦਾ ਹੈ। ਅਸੀਂ ਹੁਣ ਸੰਪਤੀ ਨੂੰ ਬਾਜ਼ਾਰ ਵਿੱਚ ਚੜ੍ਹਾ ਕੇ ਅਤੇ ਕਾਰੋਬਾਰ ਵਿਸਥਾਰ ਰਾਹੀਂ ਇਸ ਹੱਲ ਉੱਤੇ ਕੰਮ ਕਰ ਰਹੇ ਹਾਂ।
ਸਰਕਾਰ ਨੇ 2020-21 ਦੇ ਬਜਟ ਵਿੱਚ ਜਨਤਕ ਖੇਤਰ ਦੀਆਂ ਦੂਰ ਸੰਚਾਰ ਕੰਪਨੀਆਂ ਬੀਐਸਐਨਐਲ ਅਤੇ ਐਮਟੀਐਨਐਲ ਨੂੰ 37,640 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਇਹ ਰਕਮ ਮੁੱਖ ਤੌਰ ਤੇ 4 ਜੀ ਸਪੈਕਟ੍ਰਮ ਅਤੇ ਵੀਆਰਐਸ ਨੂੰ ਲਾਗੂ ਕਰਨ ਲਈ ਹੈ।
(ਪੀਟੀਆਈ)