ਨਵੀਂ ਦਿੱਲੀ: ਦਵਾਈ ਕੰਪਨੀ ਹੈਟਰੋ ਕੋਵਿਡ-19 ਦੇ ਇਲਾਜ ਲਈ ਵਾਇਰਲ ਵਿਰੋਧੀ ਟੈਸਟ ਦੇ ਅਧੀਨ ਦਵਾਈ ਰੈਮਡੇਸਿਵੀਰ ਪੇਸ਼ ਕਰੇਗੀ। ਕੰਪਨੀ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਇਸ ਦੇ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਦੀ ਆਗਿਆ ਮਿਲ ਗਈ ਹੈ।
ਹੇਟੇਰੋ ਨੇ ਬਿਆਨ ਵਿੱਚ ਕਿਹਾ ਕਿ ਕੰਪਨੀ ਨੂੰ ਡੀਸੀਆਈ ਤੋਂ ਰੈਮਡੇਸਿਵੀਰ ਦੇ ਉਤਪਾਦਨ ਅਤੇ ਮਾਰਕਿਟਿੰਗ ਦੀ ਆਗਿਆ ਮਿਲ ਗਈ ਹੈ। ਰੈਮਡੇਸਿਵੀਰ ਦੀ ਸਧਾਰਣ ਰੂਪ ਦੀ ਭਾਰਤ ਵਿੱਚ ਵਿਕਰੀ ਕੋਵਿਫੋਰ ਬ੍ਰਾਂਡ ਨਾਂਅ ਵਜੋਂ ਕੀਤੀ ਜਾਵੇਗੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਡੀਸੀਜੀਆਈ ਨੇ ਬਾਲਗਾਂ ਅਤੇ ਬੱਚਿਆਂ ਵਿੱਚ ਸ਼ੱਕੀ ਜਾਂ ਪੁਸ਼ਟੀ ਕੋਵਿਡ-19 ਦੇ ਮਾਮਲਿਆਂ ਜਾਂ ਫ਼ਿਰ ਇਸ ਦੀ ਲਾਗ ਦੇ ਕਾਰਨ ਹਸਪਤਾਲ ਵਿੱਚ ਭਰਤੀ ਲੋਕਾਂ ਦੇ ਇਲਾਜ਼ ਦੇ ਲਈ ਇਸ ਦਵਾਈ ਨੂੰ ਆਗਿਆ ਦਿੱਤੀ ਹੈ।
ਕੰਪਨੀ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਇਜ਼ਾਫ਼ਾ ਹੋ ਰਿਹਾ ਹੈ। ਅਜਿਹੇ ਵਿੱਚ ਕੋਵੀਫੋਰ ਨੂੰ ਆਗਿਆ ਦੇਣੀ ਪਾਸਾ ਪਲਟਣ ਵਾਲੀ ਹੋ ਸਕਦੀ ਹੈ, ਕਿਉਂਕਿ ਇਸ ਦੇ ਕਲੀਨਿਕਲ ਨਤੀਜੇ ਕਾਫ਼ੀ ਸਾਕਾਰਾਤਮਕ ਰਹੇ ਹਨ।
ਹੈਟਰੋ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਬੀ ਪਾਰਥ ਸਰਾਧੀ ਰੈੱਡੀ ਨੇ ਕਿਹਾ ਕਿ ਅਸੀਂ ਇਹ ਨਿਸ਼ਚਿਤ ਕਰਾਂਗੇ ਕਿ ਇਹ ਉਤਪਾਦ ਜਲਦ ਤੋਂ ਜਲਦੀ ਦੇਸ਼ ਭਰ ਦੇ ਮਰੀਜ਼ਾਂ ਨੂੰ ਉਪਲੱਭਧ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਕੰਪਨੀ ਮੌਜੂਦਾ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਲੋੜੀਂਦਾ ਸਟਾਕ ਨਿਸ਼ਚਿਤ ਕਰੇਗੀ।
ਇਹ ਦਵਾਈ 100 ਐੱਮਜੀ ਦੀ ਸ਼ੀਸ਼ੀ ਦੇ ਰੂਪ ਵਿੱਚ ਉਪਲੱਭਧ ਹੋਵੇਗੀ। ਇਸ ਨੂੰ ਭਾਰਤੀ ਬਾਜ਼ਾਰ ਵਿੱਚ ਗਿਲੇਡ ਸਾਇੰਸੀਜ਼ ਇੰਕ ਦੇ ਨਾਲ ਲਾਇਸੈਂਸਿੰਗ ਇਕਰਾਰਨਾਮੇ ਦੇ ਤਹਿਤ ਉਤਾਰਿਆ ਜਾ ਰਿਹਾ ਹੈ।
ਪੀਟੀਆਈ-ਭਾਸ਼ਾ