ਨਵੀਂ ਦਿੱਲੀ: ਸਰਕਾਰ ਨੇ ਏਅਰਲਾਈਨਾਂ ਨੂੰ ਘਰੇਲੂ ਉਡਾਣਾਂ ਵਿੱਚ ਪ੍ਰੀ-ਪੈਕ ਕੀਤੇ ਸਨੈਕਸ, ਖਾਣਾ ਅਤੇ ਪੀਣ ਵਾਲੀਆਂ ਚੀਜ਼ਾਂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ ਗਰਮ ਭੋਜਨ ਦੇਣ ਦੀ ਆਗਿਆ ਦੇ ਦਿੱਤੀ ਹੈ।
ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਜੇ ਕੋਈ ਯਾਤਰੀ ਉਡਾਣ ਦੌਰਾਨ ਮਾਸਕ ਪਹਿਨਣ ਤੋਂ ਇਨਕਾਰ ਕਰਦਾ ਹੈ, ਤਾਂ ਏਅਰ ਲਾਈਨ ਉਸ ਨੂੰ ਨੋ-ਫਲਾਈ ਸੂਚੀ ਵਿੱਚ ਪਾ ਸਕਦੀ ਹੈ, ਯਾਨੀ ਉਸ ਦੀ ਹਵਾਈ ਯਾਤਰਾ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਘਰੇਲੂ ਹਵਾਬਾਜ਼ੀ ਸੇਵਾਵਾਂ 25 ਮਈ ਤੋਂ ਮੁੜ ਤੋਂ ਸ਼ੁਰੂ ਹੋਣ ਤੋਂ ਬਾਅਦ, ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ, ਫਲਾਈਟਾਂ ਵਿੱਚ ਭੋਜਨ ਸੇਵਾ ਦੀ ਆਗਿਆ ਨਹੀਂ ਸੀ। ਅੰਤਰਰਾਸ਼ਟਰੀ ਉਡਾਣਾਂ ਵਿੱਚ, ਇਸ ਸਾਲ ਮਈ ਤੋਂ ਉਡਾਣ ਦੀ ਮਿਆਦ ਦੇ ਅਧਾਰ 'ਤੇ ਸਿਰਫ਼ ਪ੍ਰੀ-ਪੈਕਡ ਕੋਲਡ ਫੂਡ ਤੇ ਸਨੈਕਸ ਦੀ ਸੇਵਾ ਦਿੱਤੀ ਜਾ ਰਹੀ ਸੀ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੱਕ ਆਦੇਸ਼ ਵਿੱਚ ਕਿਹਾ ਹੈ ਕਿ ਏਅਰਲਾਈਨਜ਼ ਉਡਾਣ ਦੀ ਮਿਆਦ ਦੇ ਅਧਾਰ ਉੱਤੇ ਘਰੇਲੂ ਉਡਾਣਾਂ ਵਿੱਚ ਪਹਿਲਾਂ ਤੋਂ ਪੈਕ ਕੀਤੇ ਸਨੈਕਸ / ਭੋਜਨ / ਪੀਣ ਵਾਲੀਆਂ ਵਸਤੂਆਂ ਦੀ ਸੇਵਾ ਦੇ ਸਕਦੀ ਹੈ।
ਮੰਤਰਾਲੇ ਨੇ ਕਿਹਾ ਕਿ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ ਖਾਣਾ ਜਾਂ ਪੀਣ ਵਾਲੇ ਪਦਾਰਥਾਂ ਨੂੰ ਦਿੰਦੇ ਸਮੇਂ ਸਿਰਫ਼ ਇੱਕ ਵਾਰ ਵਰਤੋਂ ਵਾਲੀਆਂ ਟ੍ਰੇਆਂ, ਪਲੇਟਾਂ ਤੇ ਕਟਲਰੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਹਰ ਵਾਰ ਖਾਣੇ ਜਾਂ ਪੀਣ ਵਾਲੇ ਪਦਾਰਥਾਂ ਦੀ ਸੇਵਾ ਕਰਨ ਵੇਲੇ ਨਵੇਂ ਦਸਤਾਨੇ ਪਹਿਨਣੇ ਪੈਣਗੇ। ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਦੌਰਾਨ, ਯਾਤਰੀਆਂ ਨੂੰ ਉਪਲਬਧੱਤਾ ਦੇ ਅਧਾਰ ਉੱਤੇ ਮਨੋਰੰਜਨ ਪ੍ਰਣਾਲੀ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਹੈ।