ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ 16 ਫ਼ੀਸਦ ਮਕਾਨ ਮਾਲਕਾਂ ਨੇ ਆਪਣੇ ਕਿਰਾਏਦਾਰਾਂ ਦਾ 2 ਮਹੀਨੇ ਦਾ ਕਿਰਾਇਆ ਮਾਫ਼ ਕਰ ਦਿੱਤਾ ਹੈ। ਉੱਥੇ ਹੀ 41 ਫ਼ੀਸਦ ਕਿਰਾਏਦਾਰਾਂ ਨੂੰ ਭੁਗਤਾਨ ਦੇ ਲਈ ਹੋਰ ਸਮਾਂ ਦਿੱਤਾ ਹੈ। ਇੱਕ ਸਰਵੇ ਵਿੱਚ ਇਹ ਤੱਥ ਸਾਹਮਣੇ ਆਏ ਹਨ।
ਇਸ ਮਹਾਂਮਾਰੀ ਦੇ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਸਾਹਮਣੇ ਵਿੱਤੀ ਸੰਕਟ ਪੈਦਾ ਹੋ ਗਿਆ ਹੈ। ਇਹ ਸਰਵੇ ਇਨਫ਼ੋਸਿਸ ਇੰਡੀਆ ਲਿਮ. ਦੀ ਜਾਇਦਾਦ ਖੇਤਰ ਵਿੱਚ ਕੰਮ ਕਰਨ ਵਾਲੀ ਕੰਪਨੀ 99 ਏਕੜ ਡਾਟ ਕਾਮ ਨੇ ਕੀਤਾ ਹੈ।
ਸਰਵੇ ਮੁਤਾਬਕ 49,600 ਮਕਾਨ ਮਾਲਕਾਂ ਅਤੇ ਬ੍ਰੋਕਰਾਂ ਦੀ ਰਾਏ ਨੂੰ ਸ਼ਾਮਲ ਕੀਤਾ ਗਿਆ ਹੈ। ਪੋਰਟਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਸੰਕਟ ਦੇ ਸਮੇਂ ਜ਼ਿਆਦਾਤਰ ਮਕਾਨ ਮਾਲਕ ਕਿਰਾਏਦਾਰਾਂ ਦੀ ਮਦਦ ਕਰ ਰਹੇ ਹਨ। 44 ਫ਼ੀਸਦੀ ਨੇ ਕਿਰਾਏ ਵਿੱਚ ਵਾਧਾ ਨਹੀਂ ਕੀਤਾ ਹੈ, 41 ਫ਼ੀਸਦ ਨੇ ਕਿਰਾਇਆ ਦੇਣ ਦੇ ਲਈ ਹੋਰ ਸਮਾਂ ਦਿੱਤਾ ਹੈ ਅਤੇ 16 ਫ਼ੀਸਦ ਨੇ 2 ਮਹੀਨੇ ਦਾ ਕਿਰਾਇਆ ਮਾਫ਼ ਕਰ ਦਿੱਤਾ ਹੈ।
ਇਸ ਪੋਰਟਲ ਉੱਤੇ ਮਾਲਕਾਂ ਅਤੇ ਬ੍ਰੋਕਰਾਂ ਵੱਲੋਂ 10 ਲੱਖ ਤੋਂ ਜ਼ਿਆਦਾ ਘਰੇਲੂ ਅਤੇ ਵਪਾਰਕ ਜਾਇਦਾਦਾਂ ਸੂਚੀਬੱਧ ਹਨ। ਸਰਵੇ ਮੁਤਾਬਕ ਬਾਜ਼ਾਰ ਵਿੱਚ ਸੁਸਤੀ ਦੇ ਬਾਵਜੂਦ 76 ਫ਼ੀਸਦ ਜਾਇਦਾਦ ਮਾਲਕ ਹੁਣ ਵੀ ਆਪਣੀ ਜਾਇਦਾਦ ਨੂੰ ਕਿਰਾਏ ਉੱਤੇ ਦੇਣ ਦੀ ਤਿਆਰੀ ਕਰ ਰਹੇ ਹਨ। ਉੱਥੇ ਹੀ 24 ਫ਼ੀਸਦ ਨੇ ਫ਼ਿਲਹਾਲ ਕਿਰਾਏਦਾਰਾਂ ਦੀ ਤਲਾਸ਼ ਬੰਦ ਕਰ ਦਿੱਤੀ ਹੈ।
ਜਾਇਦਾਦ ਕਿਰਾਏ ਉੱਤੇ ਵੇਚਣ ਦੇ ਇਛੁੱਕ 54 ਫ਼ੀਸਦ ਮਾਲਕਾਂ ਦਾ ਮੰਨਣਾ ਹੈ ਕਿ ਕਿਰਾਏ ਵਿੱਚ ਕਮੀ ਆਵੇਗੀ। ਉੱਥੇ ਹੀ 11 ਫ਼ੀਸਦ ਨੂੰ ਲੱਗਦਾ ਹੈ ਕਿ ਅੱਗੇ ਕਿਰਾਇਆ ਵੱਧੇਗਾ।
ਮਕਾਨ ਜਾਂ ਜਾਇਦਾਦ ਵੇਚਣ ਨੂੰ ਇਛੁੱਕ 80 ਫ਼ੀਸਦ ਲੋਕਾਂ ਨੇ ਕਿਹਾ ਕਿ ਉਹ ਸੰਭਾਵਿਤ ਖ਼ਰੀਦਦਾਰ ਦੀ ਤਲਾਸ਼ ਜਾਰੀ ਰੱਖਣਗੇ। ਉੱਥੇ ਹੀ 20 ਫ਼ੀਸਦ ਨੇ ਕਿਹਾ ਕਿ ਫ਼ਿਲਹਾਲ ਉਨ੍ਹਾਂ ਨੇ ਆਪਣੀ ਜਾਇਦਾਦ ਨੂੰ ਵੇਚਣ ਦਾ ਇਰਾਦਾ ਛੱਡ ਦਿੱਤਾ ਹੈ।
ਪੀਟੀਆਈ