ਨਵੀਂ ਦਿੱਲੀ: ਤਬਾਹੀ ਮਚਾਉਣ ਵਾਲੇ ਤੂਫ਼ਾਨ 'ਫੋਨੀ' ਕਾਰਨ ਦਿੱਲੀ ਦੇ ਨਾਲ-ਨਾਲ ਯੂਪੀ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੇ ਆਸਾਰ ਹਨ।
ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ਵੱਲੋਂ ਆਉਣ ਵਾਲੀ ਨਮੀ ਵਾਲੀ ਹਵਾ ਕਾਰਨ ਦਿੱਲੀ ਦੇ ਤਾਪਮਾਨ 'ਚ ਵਾਧਾ ਨਹੀਂ ਹੋਵੇਗਾ ਅਤੇ ਤਾਪਮਾਨ 40 ਡਿਗਰੀ ਸੈਲਸੀਅਸ ਨੇੜੇ ਹੀ ਰਹੇਗਾ। 'ਫੋਨੀ' ਤੂਫਾਨ ਕਾਰਨ ਚੱਲਣ ਵਾਲੀਆਂ ਹਵਾਵਾਂ ਦਿੱਲੀ ਤੱਕ ਨਮੀ ਲੈ ਕੇ ਆਉਣਗੀਆਂ ਜਿਸ ਕਾਰਨ ਮੀਂਹ ਵੀ ਪੈ ਸਕਦਾ ਹੈ।
ਬੀਤੀ ਸ਼ਾਮ ਕਈ ਹਿੱਸਿਆਂ 'ਚ ਹਨੇਰੀ ਚੱਲਣ ਅਤੇ ਹਲਕਾ ਮੀਂਹ ਪੈਣ ਕਾਰਨ ਗਰਮੀ ਕੁੱਝ ਘੱਟ ਹੋਈ। ਮੌਸਮ ਵਿਭਾਗ ਮੁਤਾਬਕ ਗਰਮੀ ਤੋਂ ਰਾਹਤ ਸਿਰਫ਼ ਸ਼ੁੱਕਰਵਾਰ ਤੱਕ ਹੀ ਰਹੇਗੀ। ਸ਼ਨੀਵਾਰ ਤੋਂ ਇਸ ਦਾ ਅਸਰ ਖ਼ਤਮ ਹੋ ਸਕਦਾ ਹੈ ਅਤੇ ਮੁੜ ਤਾਪਮਾਨ 'ਚ ਵਾਧਾ ਹੋਵੇਗਾ।