ਨਵੀਂ ਦਿੱਲੀ: ਵਾਰਣਸੀ ਤੋਂ ਮਹਾਗਠਜੋੜ ਦੇ ਉਮੀਦਵਾਰ ਤੇਜ ਬਹਾਦੁਰ ਦੀ ਨਾਮਜ਼ਦਗੀ ਰੱਦ ਕਰਨ ਤੋਂ ਬਾਅਦ ਪਾਈ ਗਈ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਇਸ ਪਟੀਸ਼ਨ 'ਤੇ ਆਪਣਾ ਪੱਖ ਰੱਖਣ ਲਈ ਕਿਹਾ ਹੈ।
ਵਾਰਣਸੀ ਵਿੱਚ ਸੱਤਵੇਂ ਗੇੜ ਤਹਿਤ 19 ਮਈ ਨੂੰ ਵੋਟਿੰਗ ਹੋਣੀ ਹੈ ਜਿਸ ਲਈ ਤੇਜ ਪ੍ਰਤਾਪ ਯਾਦਵ ਨੇ 29 ਅਪ੍ਰੈਲ ਨੂੰ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਵਾਈ ਸੀ। ਯਾਦਵ ਦੀ ਨਾਮਜ਼ਦਗੀ ਨੂੰ ਚੋਣ ਕਮਿਸ਼ਨ ਨੇ ਇਸ ਆਧਾਰ 'ਤੇ ਖ਼ਾਰਜ ਕਰ ਦਿੱਤਾ ਸੀ ਕਿ ਉਸ ਨੂੰ 19 ਅਪ੍ਰੈਲ 2017 ਨੂੰ ਸਰਕਾਰੀ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ, ਪਰ ਨਾਮਜ਼ਦਗੀ ਪੱਤਰ ਵਿੱਚ ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ ਸਰਟੀਫਿਕੇਟ ਨਹੀਂ ਸੀ ਕਿ ਉਸ ਨੂੰ ਭ੍ਰਿਸ਼ਟਾਚਾਰ ਜਾਂ ਸੂਬੇ ਪ੍ਰਤੀ ਬੇਈਮਾਨੀ ਲਈ ਬਰਖ਼ਾਸਤ ਨਹੀਂ ਕੀਤਾ ਗਿਆ ਹੈ।
ਤੇਜ ਯਾਦਵ ਨੇ ਕਿਹਾ ਹੈ ਕਿ ਉਸ ਨੇ ਨਾਮਜ਼ਦਗੀ ਪੱਤਰ ਦੇ ਨਾਲ ਨਾਲ ਬਰਖ਼ਾਸਤਗੀ ਪੱਤਰ ਵੀ ਦਿੱਤਾ ਸੀ ਜਿਸ ਵਿੱਚ ਦਰਜ ਸੀ ਕਿ ਉਸ ਨੂੰ ਅਣੁਸ਼ਾਸਨਹੀਣਤਾ ਕਰਕੇ ਬਰਖ਼ਾਸਤ ਕੀਤਾ ਗਿਆ ਹੈ। ਇਸ ਤੋਂ ਬਾਅਦ ਵੀ ਚੋਣ ਕਮਿਸ਼ਨ ਨੇ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ।
ਨਾਮਜ਼ਦਗੀ ਰੱਦ ਕਰਨ ਤੋਂ ਬਾਅਦ ਯਾਦਵ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ ਦੀ ਸੁਣਵਾਈ ਅੱਜ ਹੋਵੇਗੀ। ਇਹ ਸੁਣਵਾਈ ਹੀ ਫ਼ੈਸਲਾ ਕਰੇਗੀ ਕਿ ਤੇਜ ਬਹਾਦੁਰ ਚੋਣ ਲਈ ਯੋਗ ਹੈ ਵੀ ਜਾਂ ਨਹੀਂ।