ਰੂਪਨਗਰ: ਵੀਰਵਾਰ ਨੂੰ ਜਿੱਥੇ ਸਾਕਾ ਨੀਲਾ ਤਾਰਾ ਦੀ ਬਰਸੀ ਮਨਾਈ ਗਈ ਉੱਥੇ ਹੀ ਰੋਪੜ 'ਚ ਸ਼ਿਵ ਸੈਨਾ ਵੱਲੋਂ ਇਸ ਦਿਨ ਨੂੰ 'ਅੱਤਵਾਦੀ ਖਾਤਮਾ' ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਰੋਪੜ-ਨਵਾਂ ਸ਼ਹਿਰ ਮਾਰਗ 'ਤੇ ਬਣੇ ਸ਼ਿਵ ਮੰਦਿਰ 'ਚ ਸ਼ਿਵ ਸੈਨਾ ਵੱਲੋਂ ਬੇਅੰਤ ਸਿੰਘ, ਜਰਨਲ ਵੇਦਿਆ ਦੀਆਂ ਤਸਵੀਰਾਂ 'ਤੇ ਫੁੱਲ ਭੇਂਟ ਕਰਕੇ ਉਨ੍ਹਾਂ ਦੇ ਅਮਰ ਰਹਿਣ ਦੇ ਨਾਅਰੇ ਲਗਾਏ। ਇਸ ਮੌਕੇ ਕਿਸੇ ਵੀ ਤਣਾਅ ਦੀ ਸਥਿਤੀ ਤੋਂ ਨਿਪਟਣ ਲਈ ਨਵਾਂਸ਼ਹਿਰ ਦੀ ਪੁਲੀਸ ਫ਼ੋਰਸ ਅਤੇ ਉੱਚ ਅਧਿਕਾਰੀ ਮੌਜ਼ੂਦ ਸਨ।
ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਸੰਜੀਵ ਘਨੌਲੀ ਨੇ ਦੱਸਿਆ ਕਿ 6 ਜੂਨ ਦਾ ਦਿਨ ਸ਼ਿਵ ਸੈਨਾ ਅੱਤਵਾਦੀ ਖਾਤਮਾ ਦਿਵਸ ਦੇ ਰੂਪ 'ਚ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਦੌਰਾਨ ਜਿਹੜੇ ਮੱਥਾ ਟੇਕਣ ਗਏ ਲੋਕ ਅਤੇ ਪੁਲੀਸ ਮੁਲਾਜਮ ਸ਼ਹੀਦ ਹੋਏ ਸਨ, ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਦੌਰਾਨ ਕਿਸੇ ਵੀ ਕਿਸਮ ਦਾ ਤਣਾਅ ਜਾਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਬਲਾਚੌਰ ਤੋਂ ਵੱਡੀ ਗਿਣਤੀ 'ਚ ਪੁਲੀਸ ਜਵਾਨ ਮੌਕੇ 'ਤੇ ਤਾਇਨਾਤ ਸਨ। ਡੀਐਸਪੀ ਬਲਾਚੌਰ ਰਾਜਪਾਲ ਸਿੰਘ ਨੇ ਕਿਹਾ ਕਿ ਕਾਨੂੰਨ-ਵਿਵਸਥਾ ਪੂਰੀ ਕੰਟਰੋਲ 'ਚ ਹੈ ਅਤੇ ਇਨ੍ਹਾਂ ਵੱਲੋਂ ਸ਼ਾਂਤੀ ਨਾਲ ਆਪਣਾ ਪ੍ਰੋਗਰਾਮ ਕੀਤਾ ਗਿਆ।