ਇਸਲਾਮਾਬਾਦ: ਪਾਕਿਸਤਾਨ ਦੀ ਸਰਕਾਰ ਨੇ 'ਕਸ਼ਮੀਰ ਇੱਕਜੁਟਤਾ ਦਿਵਸ' ਨੂੰ ਮਨਾਉਣ ਲਈ 10 ਦਿਨਾਂ ਦਾ ਅਭਿਆਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਵਿੱਚ 5 ਫਰਵਰੀ ਨੂੰ 'ਕਸ਼ਮੀਰ ਇੱਕਜੁਟਤਾ ਦਿਵਸ' ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਵਿੱਚ ਪਬਲਿਕ ਛੁੱਟੀ ਹੁੰਦੀ ਹੈ। ਪਾਕਿਸਤਾਨੀ ਮੀਡੀਆ ਮੁਤਾਬਕ, ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵਿਦੇਸ਼ ਮੰਤਰਾਲੇ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਇਸ ਅਭਿਆਨ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਅਭਿਆਨ ਵਿੱਚ ਕਸ਼ਮੀਰ ਦੇ ਮੁੱਦੇ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਚੁੱਕਿਆ ਜਾਵੇਗਾ।
ਕੁਰੈਸ਼ੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ 25 ਜਨਵਰੀ ਤੋਂ ਹੋਵੇਗੀ ਤੇ ਇਹ 5 ਫਰਵਰੀ ਤੱਕ ਚੱਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਦਾ ਉਦੇਸ਼ ਲੋਕਾਂ, ਖ਼ਾਸਕ ਰਕੇ ਨੌਜਵਾਨਾਂ ਨੂੰ ਕਸ਼ਮੀਰ ਦੇ ਟਕਰਾਅ ਬਾਰੇ ਜਾਗਰੁਕ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਅਭਿਆਨ 5 ਫਰਵਰੀ ਨੂੰ ਕਸ਼ਮੀਰ ਦੇ ਮੁਜ਼ੱਫਰਾਬਾਦ ਸਥਿਤ ਵਿਧਾਨ ਸਭਾ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੰਬੋਧਨ ਦੇ ਨਾਲ ਹੋਵੇਗਾ। ਇਸ ਦੀ ਸ਼ੁਰੂਆਤ 25 ਜਨਵਰੀ ਨੂੰ ਮੀਡੀਆ ਮੁਹਿਮ ਦੇ ਨਾਲ ਹੋਵੇਗੀ। 27 ਜਨਵਰੀ ਨੂੰ ਇਸਲਾਮਾਬਾਦ ਦੇ ਰਾਸ਼ਟਰੀ ਕਲਾ ਪ੍ਰੀਸ਼ਦ ਵਿੱਚ ਇੱਕ ਸੱਭਿਆਚਾਰਕ ਸਮਾਗਮ ਹੋਵੇਗਾ।
ਉਨ੍ਹਾਂ ਦੱਸਿਆ ਕਿ 28 ਜਨਵਰੀ ਨੂੰ ਦੇਸ਼ ਦੀ ਪ੍ਰਮੁੱਖ ਆਰਟ ਗੈਲਰੀਆਂ ਤੇ ਵਿਦੇਸ਼ ਵਿੱਚ ਸਥਿਤ ਪਾਕਿਸਤਾਨੀ ਮਿਸ਼ਨਾਂ ਵਿੱਚ ਕਸ਼ਮੀਰ ਦੇ ਸੰਘਰਸ਼ ਉੱਤੇ ਚਿੱਤਰ ਪ੍ਰਦਰਸ਼ਨੀ ਲਗਾਈ ਜਾਵੇਗੀ। 30 ਜਨਵਰੀ ਨੂੰ ਇਸਲਾਮਾਬਾਦ ਵਿੱਚ ਕਸ਼ਮੀਰ ਉੱਤੇ ਸੈਮੀਨਾਰ ਹੋਵੇਗਾ। 31 ਜਨਵਰੀ ਨੂੰ ਕਸ਼ਮੀਰ ਉੱਤੇ ਸਥਾਈ ਕਮੇਟੀ ਦੇ ਚੇਅਰਮੈਨਸ ਦੀ ਪ੍ਰੈਸ ਕਾਨਫ੍ਰੈਂਸ ਵੀ ਹੋਵੇਗੀ। 3 ਫਰਵਰੀ ਨੂੰ ਇਸਲਾਮਾਬਾਦ ਵਿੱਚ ਕਨਵੈਸ਼ਨ ਸੈਂਟਰ ਵਿੱਚ ਨੌਜਵਾਨਾ ਦਾ ਸਮਾਗਮ ਹੋਵੇਗਾ। 4 ਫਰਵਰੀ ਨੂੰ ਕਸ਼ਮੀਰੀ ਸ਼ਰਨਾਰਥੀ ਕੈਂਪਾਂ ਵਿਚ ਰਾਸ਼ਨ ਵੰਡਿਆ ਜਾਵੇਗਾ। 5 ਫਰਵਰੀ ਨੂੰ ਇਸਲਾਮਾਬਾਦ ਵਿੱਚ ਕਸ਼ਮੀਰ ਨਾਲ ਇੱਕਜੁਟਤਾ ਦਰਸਾਉਂਦਿਆਂ ਇੱਕ ਮਨੁੱਖੀ ਚੇਨ ਬਣਾਈ ਜਾਵੇਗੀ ਅਤੇ ਸੂਬੇ ਦੀਆਂ ਰਾਜਧਾਨੀਆਂ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ।