ਮਲੇਰਕੋਟਲਾ: ਈਦ-ਉਲ-ਫਿਤਰ ਦਾ ਤਿਉਹਾਰ 5 ਜੂਨ ਨੂੰ ਹੋਣ ਦੀ ਉਮੀਦ ਹੈ। ਮਲੇਰਕੋਟਲਾ ਦੇ ਬਾਜ਼ਾਰਾਂ 'ਚ ਈਦ-ਉਲ-ਫਿਤਰ ਦੀ ਆਮਦ ਨੂੰ ਲੈ ਕੇ ਭਾਰੀ ਗਿਣਤੀ ਵਿੱਚ ਮੁਸਲਿਮ ਮਰਦ, ਅੋਰਤਾਂ ਅਤੇ ਬੱਚਿਆਂ ਵੱਲੋਂ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਮਲੇਰਕੋਟਲਾ ਸ਼ਹਿਰ ਦੇ ਹਰ ਬਾਜ਼ਾਰ ਵਿੱਚ ਮੁਸਲਿਮ ਅੋਰਤਾਂ ਤੇ ਮਰਦਾਂ ਵੱਲੋਂ ਭਾਰੀ ਖ਼ਰੀਦਦਾਰੀ ਕੀਤੀ ਜਾ ਰਹੀ ਹੈ। ਜਿਸ ਕਰਕੇ ਸ਼ਹਿਰ ਦੇ ਬਾਜ਼ਾਰ ਦੇਰ ਰਾਤ ਤੱਕ ਖੁੱਲ੍ਹੇ ਹਨ।
ਰਮਜ਼ਾਨ-ਉਲ-ਮੁਬਾਰਕ ਦਾ ਮਹੀਨਾ ਮੁਸਲਿਮ ਭਾਈਚਾਰੇ ਵਿੱਚ ਸਾਲ ਦੇ 12 ਮਹੀਨਿਆਂ ਵਿੱਚੋਂ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ। ਜਿਵੇਂ-ਜਿਵੇਂ ਇਹ ਮਹੀਨਾ ਆਪਣੇ ਆਖ਼ਰੀ ਪੜਾਅ ਵੱਲ ਵਧ ਰਿਹਾ ਹੈ ਉਸ ਤਰ੍ਹਾਂ ਹੀ 28 ਦਿਨਾਂ ਤੋਂ ਲਗਾਤਾਰ ਰੋਜ਼ਾ ਰੱਖ ਰਹੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਿੱਚ ਈਦ-ਉਲ-ਫਿਤਰ ਦੇ ਤਿਉਹਾਰ ਦੇ ਨੇੜੇ ਆਉਣ ਦੀਆਂ ਖੁਸ਼ੀਆਂ ਗਰਮੀ ਦੀ ਤਪਸ਼ ਵਿੱਚ ਰੱਖੇ ਰੋਜ਼ੇ ਗਰਮੀ ਨੂੰ ਭੁਲਾ ਰਹੇ ਹਨ।
ਇਸ ਮੌਕੇ ਦੁਕਾਨਦਾਰ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਆਖਣਾ ਸੀ ਕਿ ਸਾਲ ਦਾ ਇੱਕ ਇਹੀ ਮਹੀਨਾ ਹੁੰਦਾ ਹੈ, ਜਿਸ ਵਿੱਚ ਉਨ੍ਹਾਂ ਦੀ ਵਧੀਆ ਵਿਕਰੀ ਹੁੰਦੀ ਹੈ। ਜਿਸ ਕਰਕੇ ਉਹ ਸਵੇਰੇ ਜਲਦੀ ਦੁਕਾਨ ਖੋਲਦੇ ਹਨ ਤੇ ਦੇਰ ਰਾਤ ਬੰਦ ਕਰਦੇ ਹਨ।