ਅੰਮ੍ਰਿਤਸਰ: ਕਸਟਮ ਵਿਭਾਗ ਨੇ ਆਈ.ਸੀ.ਪੀ. ਅਟਾਰੀ ਤੋਂ ਨਮਕ ਦੇ ਟਰੱਕ ਚੋਂ 532 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 52 ਕਿੱਲੋ ਮਿਸ਼ਰਤ ਨਸ਼ਾ ਬਰਾਮਦ ਕੀਤਾ ਗਿਆ ਹੈ। ਫ਼ੜੀ ਗਈ ਡਰੱਗ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ 2700 ਕਰੋੜ ਦੀ ਕੀਮਤ ਦੱਸੀ ਜਾ ਰਹੀ ਹੈ। ਇਸ ਸਮੱਗਲਿੰਗ ਰੈਕੇਟ ਨੂੰ ਤਾਰਿਕ ਅਹਿਮਦ ਨਾਂਅ ਦਾ ਵਿਅਕਤੀ ਚਲਾ ਰਿਹਾ ਸੀ, ਜਿਸ ਨੂੰ ਜੰਮੂ-ਕਸ਼ਮੀਰ ਪੁਲਿਸ ਦੀ ਮਦਦ ਨਾਲ ਗਿਰਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਕਸਟਮ ਵਿਭਾਗ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਹੈਰੋਇਨ ਦੀ ਰਿਕਵਰੀ ਹੋਈ ਹੈ।
ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਟਰੱਕ ਵਿੱਚ 600 ਬੋਰੀਆਂ ਨਮਕ ਲੱਦਿਆ ਹੋਇਆ ਸੀ। ਲੱਦੇ ਮਾਲ ਵਿੱਚੋਂ 15 ਬੋਰੀਆਂ ਵਿੱਚ ਇਹ ਨਸ਼ਾ ਭਰਿਆ ਹੋਇਆ ਸੀ। ਨਮਕ ਨੂੰ ਮੰਗਵਾਉਣ ਵਾਲੇ ਵਪਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਮਾਸਟਰਮਾਈਂਡ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਨਮਕ ਦੀ ਇਹ ਖੇਪ ਅੰਮ੍ਰਿਤਸਰ ਦੇ ਕਨਿਸ਼ਕ ਇੰਟਰਪ੍ਰਾਇਜ਼ਿਜ਼ ਨਾਂਅ ਦੀ ਕੰਪਨੀ ਨੇ ਮੰਗਵਾਈ ਸੀ। ਕੰਪਨੀ ਦੇ ਮਾਲਿਕ ਗੁਰਪਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਸਟਮ ਵਿਭਾਗ ਵੱਲੋਂ ਇਹ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਨਮਕ ਦੀ ਕਿੰਨੀਂ ਖੇਪ ਭਾਰਤ ਆਈ ਹੈ।