ਜਲੰਧਰ: ਐਤਵਾਰ ਨੂੰ ਜਲੰਧਰ 'ਚ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਜਪਾ ਵੱਲੋਂ ਸੂਬੇ 'ਚ ਪਾਰਟੀ ਲਈ ਮੈਂਬਰ ਬਨਾਉਣ ਦਾ ਅਭਿਆਨ 6 ਜੁਲਾਈ ਨੂੰ ਪਠਾਨਕੋਟ ਵਿਖੇ ਸ਼ਿਆਮਾ ਪ੍ਰਸ਼ਾਦ ਦੀ ਜਯੰਤੀ 'ਤੇ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਸੂਬੇ 'ਚ ਦੋ ਲੱਖ ਨਵੇਂ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸੂਬੇ 'ਚ ਭਾਜਪਾ ਦਾ ਵੋਟ ਬੈਂਕ ਕਾਫੀ ਵਧਿਆ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਪਾਰਟੀ ਲਈ ਮੈਂਬਰ ਬਣਾਉਣ ਦੇ ਅਭਿਆਨ ਵਿੱਚ ਡਿਜੀਟਲ ਤਰੀਕੇ ਦੇ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਬਾਈਲ 'ਤੇ ਇੱਕ ਮਿਸਡ ਕਾਲ ਨਾਲ ਹੀ ਕੋਈ ਵੀ ਵਿਅਕਤੀ ਭਾਜਪਾ ਦਾ ਮੈਂਬਰ ਬਣ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਨਸ਼ਾ ਕਾਫ਼ੀ ਵਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਏ 3 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਪਰ ਸੂਬੇ ਵਿੱਚ ਹੁਣ ਵੀ ਨਸ਼ਾ ਨਹੀਂ ਰੁਕ ਰਿਹਾ ਹੈ।