ਚੰਡੀਗੜ੍ਹ: ਮਿਸ ਯੂਨੀਵਰਸ 2021 (Miss Universe 2021) ਮੁਕਾਬਲੇ ਦੇ ਜੇਤੂ ਦਾ ਐਲਾਨ 13 ਦਸੰਬਰ (ਸੋਮਵਾਰ) ਨੂੰ ਕੀਤਾ ਗਿਆ ਸੀ। ਹਰਨਾਜ਼ ਸੰਧੂ (miss universe 2021 harnaaz sandhu) ਨੇ 70ਵਾਂ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਦੇਸ਼ ਲਈ ਇਤਿਹਾਸ ਰਚ ਦਿੱਤਾ ਹੈ। ਜ਼ਿਕਰਯੋਗ ਹੈ ਕਿ 21 ਸਾਲ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਭਾਰਤ ਦੀ ਝੋਲੀ 'ਚ ਆਇਆ ਹੈ। ਇਸ ਮੁਕਾਬਲੇ ਵਿੱਚ 21 ਸਾਲਾ ਹਰਨਾਜ਼ ਨੇ 80 ਮੁਕਾਬਲੇਬਾਜ਼ਾਂ ਨੂੰ ਹਰਾਇਆ। ਉਸ ਨੂੰ 2020 ਦੀ ਮਿਸ ਯੂਨੀਵਰਸ ਮੈਕਸੀਕੋ ਦੀ ਐਂਡਰੀਆ ਮੇਜ਼ਾ ਨੇ ਤਾਜ ਪਹਿਨਾਇਆ ਸੀ। ਇਸ ਦੇ ਨਾਲ ਹੀ ਪੈਰਾਗਵੇ ਦੀ ਨਾਦੀਆ ਫਰੇਰਾ (22) ਦੂਜੇ ਜਦਕਿ ਦੱਖਣੀ ਅਫਰੀਕਾ ਦੀ ਲਾਲੇਲਾ ਮਸਵਾਨੇ (24) ਤੀਜੇ ਸਥਾਨ 'ਤੇ ਰਹੀ। ਕੌਣ ਹੈ ਹਰਨਾਜ਼ ਸੰਧੂ? ਅਤੇ ਫਿਲਹਾਲ ਹੁਣ ਕੀ ਕਰਦੀ ਹੈ? ਆਓ ਜਾਣਦੇ ਹਾਂ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰਨ ਵਾਲੀ ਇਸ ਧੀ ਦੀਆਂ ਕੁਝ ਖਾਸ ਗੱਲਾਂ...
ਹਰਨਾਜ਼ ਸੰਧੂ ਜਿੱਤ ਤੋਂ ਬਾਅਦ ਦੇ ਸ਼ਬਦ
ਹਰਨਾਜ਼ ਸੰਧੂ ਨੇ ਇਸ ਇਤਿਹਾਸਕ ਜਿੱਤ ਤੋਂ ਬਾਅਦ ਆਪਣੇ ਬਿਆਨ 'ਚ ਕਿਹਾ ਕਿ ਮੈਂ ਪ੍ਰਮਾਤਮਾ, ਮਾਤਾ-ਪਿਤਾ ਅਤੇ ਮਿਸ ਇੰਡੀਆ ਸੰਸਥਾ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਸ ਪੂਰੇ ਸਫਰ 'ਚ ਮੇਰਾ ਮਾਰਗਦਰਸ਼ਨ ਕੀਤਾ ਅਤੇ ਮਦਦ ਕੀਤੀ।'
ਸੰਧੂ ਨੇ ਕਿਹਾ, 'ਮੇਰੀ ਜਿੱਤ ਦੀਆਂ ਸ਼ੁਭਕਾਮਨਾਵਾਂ ਅਤੇ ਪ੍ਰਾਰਥਨਾਵਾਂ ਕਰਨ ਵਾਲਿਆਂ ਨੂੰ ਬਹੁਤ-ਬਹੁਤ ਪਿਆਰ। 21 ਸਾਲਾਂ ਬਾਅਦ ਇਸ ਸ਼ਾਨਦਾਰ ਤਾਜ ਨੂੰ ਭਾਰਤ ਲਿਆਉਣਾ ਮਾਣ ਵਾਲੀ ਗੱਲ ਹੈ।
ਮਿਸ ਯੂਨੀਵਰਸ 2021 ਮੁਕਾਬਲੇ ਵਿੱਚ ਹਿੱਸਾ ਲੈਂਦੇ ਹੋਏ ਹਰਨਾਜ਼ ਨੇ ਕਿਹਾ ਸੀ ਕਿ ਉਹ ਦੇਸ਼ ਲਈ ਮਿਸ ਯੂਨੀਵਰਸ ਦਾ ਖਿਤਾਬ ਜਿੱਤੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਮਿਸ ਯੂਨੀਵਰਸ ਮੁਕਾਬਲੇ 2021 ਵਿੱਚ ਭਾਰਤ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ, ਜਿਸ ਨਾਲ ਭਾਰਤ ਅਤੇ ਇਜ਼ਰਾਈਲ ਦੇ ਸਬੰਧਾਂ ਨੂੰ ਵੀ ਮਜ਼ਬੂਤੀ ਮਿਲੇਗੀ। ਹਰਨਾਜ਼ ਨੇ ਆਪਣੀ ਗੱਲ ਨੂੰ ਸੱਚ ਕਰਕੇ ਇਤਿਹਾਸ ਸਿਰਜਿਆ ਹੈ ਅਤੇ ਇਸ ਲਈ ਦੇਸ਼ ਅਤੇ ਦੇਸ਼ ਦੇ ਹਰ ਦੇਸ਼ ਵਾਸੀ ਨੂੰ ਹਰਨਾਜ਼ 'ਤੇ ਮਾਣ ਹੈ।
ਕੌਣ ਹੈ ਹਰਨਾਜ਼ ਸੰਧੂ?
ਮਿਸ ਯੂਨੀਵਰਸ ਹਰਨਾਜ਼ ਸੰਧੂ ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹੈ। ਉਹ ਪੇਸ਼ੇ ਤੋਂ ਮਾਡਲ ਹੈ। ਹਰਨਾਜ਼ ਨੇ ਆਪਣੀ ਮੁਢਲੀ ਸਿੱਖਿਆ ਚੰਡੀਗੜ੍ਹ ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਕੀਤੀ। ਹਰਨਾਜ਼ ਨੇ ਆਪਣੀ ਗ੍ਰੈਜੂਏਸ਼ਨ ਚੰਡੀਗੜ੍ਹ ਤੋਂ ਹੀ ਪੂਰੀ ਕੀਤੀ। ਮੌਜੂਦਾਂ ਸਮੇਂ ਵਿੱਚ ਉਹ ਲੋਕ ਪ੍ਰਸ਼ਾਸਨ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਹੀ ਹੈ। ਆਪਣੀ ਪੜ੍ਹਾਈ ਦੌਰਾਨ ਹਰਨਾਜ਼ ਨੇ ਕਈ ਮਾਡਲਿੰਗ ਸ਼ੋਅਜ਼ ਅਤੇ ਬਿਊਟੀ ਪੇਜੈਂਟਸ ਵਿੱਚ ਹਿੱਸਾ ਲਿਆ, ਇਸ ਦੇ ਬਾਵਜੂਦ ਹਰਨਾਜ਼ ਨੇ ਪੜ੍ਹਾਈ ਤੋਂ ਦੂਰੀ ਨਹੀਂ ਬਣਾਈ।
ਹਰਨਾਜ਼ ਸੰਧੂ ਦੀ ਪਹਿਲੀ ਪਰਫਾਰਮਸ
ਦੱਸ ਦਈਏ ਕਿ ਹਰਨਾਜ਼ ਸੰਧੂ ਦੇ ਕਿਸਾਨ ਪਰਿਵਾਰ ਤੋਂ ਹੈ ਅਤੇ ਉਨ੍ਹਾਂ ਦੇ ਘਰ 'ਚ ਕਈ ਮੈਂਬਰ ਨੌਕਰਸ਼ਾਹ ਵੀ ਹਨ। ਹਰਨਾਜ਼ ਦੇ ਮਾਡਲਿੰਗ ਦੇ ਸ਼ੁਰੂਆਤੀ ਦਿਨਾਂ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਆਪਣੇ ਕਾਲਜ ਵਿੱਚ ਆਪਣੀ ਪਹਿਲੀ ਸਟੇਜ ਪਰਫਾਰਮਸ ਦਿੱਤੀ ਸੀ। ਇੱਥੋਂ ਹਰਨਾਜ਼ ਦਾ ਆਤਮਵਿਸ਼ਵਾਸ ਵਧ ਗਿਆ ਅਤੇ ਉਸ ਨੇ ਇਸ ਲਾਈਨ ਵਿੱਚ ਜਾਣ ਦਾ ਮਨ ਬਣਾ ਲਿਆ।
ਹਰਨਾਜ ਸੰਧੂ ਦੇ ਸ਼ੌਂਕ
ਮਾਡਲਿੰਗ, ਡਾਂਸ ਅਤੇ ਐਕਟਿੰਗ ਤੋਂ ਇਲਾਵਾ, ਹਰਨਾਜ਼ ਸੰਧੂ ਨੂੰ ਤੈਰਾਕੀ, ਘੋੜ ਸਵਾਰੀ ਅਤੇ ਸੈਰ ਕਰਨ ਦਾ ਸ਼ੌਕ ਹੈ। ਹਰਨਾਜ਼ ਆਪਣੇ ਵਿਹਲੇ ਸਮੇਂ ਵਿੱਚ ਇਹ ਸ਼ੌਕ ਪੂਰੇ ਕਰਦੀ ਹੈ। ਹਰਨਾਜ਼ ਅਦਾਕਾਰਾ ਬਣਨਾ ਚਾਹੁੰਦੀ ਹੈ।
ਹਰਨਾਜ਼ ਸੰਧੂ ਦਾ ਬਣਦਾ ਸੀ ਬੇਹੱਦ ਮਜ਼ਾਕ
ਹਰਨਾਜ਼ ਸ਼ੁਰੂ ਤੋਂ ਹੀ ਇੱਕ ਸਲਿੱਮ ਫਿੱਟ ਅਤੇ ਇੰਟਰੋਵਰਟ ਨੇਚਰ ਦੀ ਕੁੜੀ ਰਹੀ ਹੈ। ਸਕੂਲ ਦੇ ਸਮੇਂ ਵਿੱਚ ਹਰਨਾਜ਼ ਦਾ ਉਸਦੇ ਪਤਲੇਪਨ ਕਾਰਨ ਕਾਫੀ ਮਜ਼ਾਕ ਬਣਾਇਆ ਜਾਂਦਾ ਸੀ। ਦੱਸ ਦਈਏ ਕਿ ਇਸ ਕਾਰਨ ਉਹ ਇਕ ਵਾਰ ਤਣਾਅ ਦਾ ਸ਼ਿਕਾਰ ਵੀ ਹੋ ਗਈ ਸੀ। ਇੱਥੇ, ਹਰਨਾਜ਼ ਦੇ ਪਰਿਵਾਰ ਨੇ ਕਦੇ ਵੀ ਉਸ ਦੇ ਹੌਂਸਲੇ ਨੂੰ ਡੋਲਣ ਨਹੀਂ ਦਿੱਤਾ।
ਖਾਣੇ ਦੀ ਸ਼ੌਕਿਨ ਹੈ ਹਰਨਾਜ ਸੰਧੂ
ਹਰਨਾਜ਼ ਸੰਧੂ ਖਾਣ-ਪੀਣ ਦਾ ਕਾਫੀ ਸ਼ੌਂਕ ਰਖਦੀ ਹੈ। ਇਕ ਇੰਟਰਵਿਊ 'ਚ ਹਰਨਾਜ਼ ਨੇ ਦੱਸਿਆ ਸੀ ਕਿ ਉਹ ਹਰ ਚੀਜ਼ ਖਾਂਦੀ ਹੈ ਜੋ ਉਸ ਨੂੰ ਪਸੰਦ ਆਉਂਦੀ ਹੈ। ਹਾਲਾਂਕਿ ਹਰਨਾਜ਼ ਖਾਣ-ਪੀਣ ਦੀ ਸ਼ੌਕੀਨ ਹੈ ਪਰ ਉਹ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖਦੀ ਹੈ। ਹਰਨਾਜ਼ ਦਾ ਕਹਿਣਾ ਹੈ ਕਿ ਜੋ ਮਰਜ਼ੀ ਖਾਓ ਪਰ ਰੋਜ਼ਾਨਾ ਵਰਕਆਊਟ ਵੀ ਕਰੋ।
ਹਰਨਾਜ਼ ਦੀਆਂ ਫਿਲਮਾਂ
ਹਰਨਾਜ਼ ਦੋ ਪੰਜਾਬੀ ਫਿਲਮਾਂ 'ਯਾਰਾ ਦੀਆਂ ਪੁ ਬਾਰਾਂ' ਅਤੇ 'ਬਾਈ ਜੀ ਕੁਟਾਂਗੇ' 'ਚ ਨਜ਼ਰ ਆ ਚੁੱਕੀ ਹੈ।
ਹਰਨਾਜ ਸੰਧੂ ਦੇ ਖਿਤਾਬ
- ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ (2017)
- ਮਿਸ ਮੈਕਸ ਐਮਰਜਿੰਗ ਸਟਾਰ (2018)
- ਫੈਮਿਨਾ ਮਿਸ ਇੰਡੀਆ ਪੰਜਾਬ (2019)
- ਮਿਸ ਯੂਨੀਵਰਸ ਇੰਡੀਆ (2021)
ਹਰਨਾਜ ਦੇ ਜਵਾਬ ਨੇ ਜਿੱਤਿਆ ਜੱਜਾਂ ਦਾ ਦਿਲ
ਮੁਕਾਬਲੇ 'ਚ ਜੱਜ ਨੇ ਹਰਨਾਜ਼ ਦਾ ਉਹ ਜਵਾਬ ਬਹੁਤ ਪਸੰਦ ਆਇਆ ਜਿਸ ਦੇ ਆਧਾਰ 'ਤੇ ਹਰਨਾਜ਼ ਦੇ ਸਿਰ 'ਤੇ ਮਿਸ ਯੂਨੀਵਰਸ 2021 ਦਾ ਤਾਜ ਸਜਾਇਆ ਗਿਆ। ਟਾਪ ਤਿੰਨ ਦੇ ਵਿੱਚ ਪਹੁੰਚਣ ਵਾਲੇ ਤਿੰਨੋਂ ਮੁਕਾਬਲਿਆਂ ਕੋਲੋਂ ਜੱਜ ਨੇ ਸਵਾਲ ਕੀਤਾ ਕਿ ਤੁਸੀਂ ਦਬਾਅ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਇਸ 'ਤੇ ਹਰਨਾਜ਼ ਸੰਧੂ ਨੇ ਜਵਾਬ ਦਿੱਤਾ ਕਿ ਤੁਹਾਨੂੰ ਇਹ ਮੰਨਣਾ ਪਏਗਾ ਕਿ ਤੁਸੀਂ ਵੱਖਰੇ ਹੋ ਅਤੇ ਇਹੀ ਤੁਹਾਨੂੰ ਦੂਜਿਆਂ ਤੋਂ ਸੁੰਦਰ ਅਤੇ ਵੱਖਰਾ ਬਣਾਉਂਦਾ ਹੈ, ਇਸ ਲਈ ਬਾਹਰ ਆਓ, ਆਪਣੇ ਲਈ ਬੋਲਣਾ ਸਿੱਖੋ, ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਦੇ ਲੀਡਰ ਹੋ। ਤੁਸੀਂ ਆਪਣੀ ਆਵਾਜ਼ ਹੋ, ਮੈਨੂੰ ਆਪਣੇ ਆਪ 'ਤੇ ਵਿਸ਼ਵਾਸ ਸੀ, ਇਸ ਲਈ ਮੈਂ ਅੱਜ ਇੱਥੇ ਖੜ੍ਹਾ ਹਾਂ।
ਦੇਸ਼ ਦੀ ਤੀਜੀ ਧੀ ਨੇ ਖਿਤਾਬ ਜਿੱਤਿਆ
ਦੱਸ ਦਈਏ ਕਿ ਇਹ ਤੀਜੀ ਵਾਰ ਹੈ, ਜਦੋਂ ਦੇਸ਼ ਦੀ ਧੀ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਸਭ ਤੋਂ ਪਹਿਲਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਮੁਕਾਬਲਾ (1994) ਜਿੱਤਿਆ। ਛੇ ਸਾਲ ਬਾਅਦ ਅਦਾਕਾਰਾ ਲਾਰਾ ਦੱਤਾ ਨੇ ਮਿਸ ਯੂਨੀਵਰਸ (2000) ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। ਇਸ ਦੇ ਨਾਲ ਹੀ ਹਰਨਾਜ਼ ਦੇਸ਼ ਦੀ ਤੀਜੀ ਬੇਟੀ ਹੈ, ਜਿਸ ਨੇ ਮਿਸ ਯੂਨੀਵਰਸ ਦਾ ਤੀਜਾ ਖਿਤਾਬ ਭਾਰਤ ਦੀ ਝੋਲੀ 'ਚ ਪਾਇਆ ਹੈ।
ਇਹ ਵੀ ਪੜੋ: ਹਰਨਾਜ ਸੰਧੂ ਬਣੀ ਮਿਸ ਯੂਨੀਵਰਸ 2021, 21 ਸਾਲ ਬਾਅਦ ਭਾਰਤ ਦੀ ਧੀ ਨੂੰ ਮਿਲਿਆ ਖਿਤਾਬ