ਨਵੀਂ ਦਿੱਲੀ: ਆਈ ਐਮ ਡੀ ਨੇ ਮੌਸਮ ਦੇ ਬਦਲਦੇ ਮਿਜਾਜ਼ ਨੂੰ ਲੈਕੇ ਅੱਪਡੇਟ ਜਾਰੀ ਕੀਤਾ ਹੈ, ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਿਕ ਜਿੱਥੇ ਪੰਜਾਬ 'ਚ ਮੌਸਮ ਨੇ ਕਰਵਟ ਲਈ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਭਖਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਅਤੇ ਮੌਸਮ ਸੁਹਾਵਣਾ ਹੋ ਗਿਆ ਹੈ। ਬੀਤੇ ਦਿਨੀਂ ਪੰਜਾਬ ਦੇ ਮਾਝਾ, ਮਾਲਵਾ ਤੇ ਦੁਆਬੇ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਿਆ ਜਿਸ ਨਾਲ ਮੌਸਮ ਕਾਫੀ ਠੰਡਾ ਹੋ ਗਿਆ ਹੈ।
ਪੰਜਾਬ 'ਚ 50 ਫੀਸਦੀ ਤੱਕ ਮੀਂਹ ਪੈਣ ਦੀ ਭਵਿੱਖਬਾਣੀ : ਮੌਸਮ ਵਿਭਾਗ ਵੱਲੋਂ ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ, ਤੇ ਨਾਲ ਹੀ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ 50 ਫੀਸਦੀ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। IMD ਵੱਲੋਂ ਜਾਰੀ ਭਵਿੱਖਬਾਣੀ ਮੁਤਾਬਕ ਪਟਿਆਲਾ, ਮੁਹਾਲੀ, ਸ੍ਰੀ ਫਤਹਿਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। (IMD Weather update in Punjab)
ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਤੇਜ਼ ਹਵਾਵਾਂ ਨਾਲ ਮੀਂਹ ਪਿਆ: ਉੱਥੇ ਹੀ ਦਿੱਲੀ ਐਨਸੀਆਰ ਵਿੱਚ ਸ਼ਨੀਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਐਤਵਾਰ ਨੂੰ ਵੀ ਮੌਸਮ ਸੁਹਾਵਣਾ ਰਿਹਾ। ਸ਼ਨੀਵਾਰ ਨੂੰ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਇਸ ਤੋਂ ਬਾਅਦ ਐਤਵਾਰ ਨੂੰ ਵੀ ਮੌਸਮ ਠੰਡਾ ਰਿਹਾ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਰਿਹਾ। ਜਦਕਿ ਘੱਟੋ-ਘੱਟ ਤਾਪਮਾਨ 24.6 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਇੱਕ ਡਿਗਰੀ ਵੱਧ ਹੈ। ਹਵਾ ਵਿੱਚ ਨਮੀ ਦਾ ਪੱਧਰ 56 ਤੋਂ 98 ਫੀਸਦੀ ਤੱਕ ਸੀ। ਇਸ ਹਫ਼ਤੇ ਤਾਪਮਾਨ ਵਿੱਚ ਇੱਕ ਤੋਂ ਦੋ ਡਿਗਰੀ ਦਾ ਵਾਧਾ ਹੋ ਸਕਦਾ ਹੈ।
ਦਿੱਲੀ 'ਚ ਬਾਰਿਸ਼ ਪੈਣ ਦੀ ਵੀ ਸੰਭਾਵਨਾ: ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਸੋਮਵਾਰ ਨੂੰ ਦਿੱਲੀ ਐਨਸੀਆਰ ਵਿੱਚ ਬੱਦਲ ਛਾਏ ਰਹਿ ਸਕਦੇ ਹਨ। ਬਾਰਿਸ਼ ਪੈਣ ਦੀ ਵੀ ਸੰਭਾਵਨਾ ਹੈ। ਸੋਮਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਰਹਿ ਸਕਦਾ ਹੈ। ਇਸ ਤੋਂ ਬਾਅਦ 26 ਤੋਂ 30 ਸਤੰਬਰ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 34 ਤੋਂ 36 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 24 ਤੋਂ 26 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। 29 ਸਤੰਬਰ ਤੱਕ ਘੱਟੋ-ਘੱਟ ਤਾਪਮਾਨ 24 ਡਿਗਰੀ ਦੇ ਪੱਧਰ ਤੱਕ ਪਹੁੰਚ ਸਕਦਾ ਹੈ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸੋਮਵਾਰ ਸਵੇਰੇ 6:10 ਵਜੇ ਤੱਕ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ 131 ਦਰਜ ਕੀਤਾ ਗਿਆ ਹੈ, ਜੋ ਮੱਧਮ ਸ਼੍ਰੇਣੀ ਵਿੱਚ ਆਉਂਦਾ ਹੈ। (IMD, rain alert in Delhi)