ਏਰਨਾਕੁਲਮ/ਕੇਰਲ: ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਟੀਐਚ ਮੁਸਤਫਾ ਦਾ ਐਤਵਾਰ ਨੂੰ ਕੋਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 83 ਸਾਲ ਦੇ ਸਨ। ਉਹ ਲੰਬੇ ਸਮੇਂ ਤੋਂ ਉਮਰ ਸੰਬੰਧੀ ਬੀਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਜੱਦੀ ਪਿੰਡ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਲੋਕਾਂ ਦੀ ਕਤਾਰ ਲੱਗੀ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਉਹ ਲੋਕਾਂ ਵਿਚ ਬਹੁਤ ਹਰਮਨ ਪਿਆਰੇ ਨੇਤਾ ਸਨ।
ਜਾਣਕਾਰੀ ਮੁਤਾਬਕ ਮੁਸਤਫਾ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਜਨਤਕ ਸ਼ਰਧਾਂਜਲੀ ਦੇਣ ਤੋਂ ਬਾਅਦ ਅੱਜ ਰਾਤ 8 ਵਜੇ ਮਰਮਪੱਲੀ ਜੁਮਾ ਮਸਜਿਦ ਕਬਰਿਸਤਾਨ 'ਚ ਦਫਨਾਇਆ ਜਾਵੇਗਾ। ਉਹ 1991 ਤੋਂ 1995 ਤੱਕ ਕਰੁਣਾਕਰਨ ਮੰਤਰਾਲੇ ਵਿੱਚ ਮੰਤਰੀ ਰਹੇ। ਉਨ੍ਹਾਂ ਦਾ ਪੋਰਟਫੋਲੀਓ ਭੋਜਨ ਅਤੇ ਸਿਵਲ ਸਪਲਾਈ ਸੀ। ਉਹ ਕੁੰਨਥੁਨਾਡੂ ਹਲਕੇ ਤੋਂ ਪੰਜ ਵਾਰ ਕੇਰਲ ਵਿਧਾਨ ਸਭਾ ਲਈ ਚੁਣੇ ਗਏ ਸਨ।
ਸਿਆਸੀ ਕਰੀਅਰ : ਟੀਐਚ ਮੁਸਤਫਾ ਦਾ ਜਨਮ 7 ਦਸੰਬਰ, 1941 ਨੂੰ ਪੇਰੁੰਬਾਵੂਰ ਵਿੱਚ ਹੋਇਆ ਸੀ। ਉਨ੍ਹਾਂ ਆਪਣਾ ਸਿਆਸੀ ਜੀਵਨ ਯੂਥ ਕਾਂਗਰਸ ਦੇ ਵਰਕਰ ਵਜੋਂ ਸ਼ੁਰੂ ਕੀਤਾ ਅਤੇ 14 ਸਾਲ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ। ਟੀਕੇਐਮ ਹਾਈਡਰੋ ਅਤੇ ਫਾਤਿਮਾ ਬੀਵੀ ਦੇ ਪੁੱਤਰ ਮੁਸਤਫਾ ਦਾ ਜਨਮ 7 ਦਸੰਬਰ, 1941 ਨੂੰ ਪੇਰੁੰਬਾਵੂਰ ਵਿੱਚ ਹੋਇਆ ਸੀ। ਮੁਸਤਫਾ, ਇੱਕ ਹੁਨਰਮੰਦ ਬੁਲਾਰੇ ਵਜੋਂ ਪ੍ਰਸਿੱਧ, 1977 ਵਿੱਚ ਅਲੂਵਾ ਹਲਕੇ ਤੋਂ ਆਪਣੀ ਪਹਿਲੀ ਵਿਧਾਨ ਸਭਾ ਚੋਣ ਜਿੱਤੀ। ਪੰਜ ਵਾਰ ਵਿਧਾਇਕ ਰਹੇ ਉਹ 1982, 1987, 1991 ਅਤੇ 2001 ਵਿੱਚ ਕੁੰਨਥੁਨਾਡੂ ਹਲਕੇ ਤੋਂ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਅੱਜ ਯਾਨੀ 14 ਜਨਵਰੀ ਤੋਂ ਇਸ ਵਾਰ ਰਾਹੁਲ ਗਾਂਧੀ ਵਲੋਂ ਭਾਰਤ ਜੋੜੋ, ਨਿਆਂ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਮਣੀਪੁਰ ਤੋਂ ਸ਼ੁਰੂ ਹੋ ਰਹੀ ‘ਭਾਰਤ ਜੋੜੋ ਨਿਆਂ ਯਾਤਰਾ’ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਆਪਣੀ ਰਿਹਾਇਸ਼ ਤੋਂ ਰਵਾਨਾ ਹੋਏ। ਹਾਲਾਂਕਿ ਮਣੀਪੁਰ ਲਈ ਉਨ੍ਹਾਂ ਦਾ ਵਿਸ਼ੇਸ਼ ਜਹਾਜ਼ ਧੁੰਦ ਕਾਰਨ ਦਿੱਲੀ ਹਵਾਈ ਅੱਡੇ ਤੋਂ ਉਡਾਣ ਨਹੀਂ ਭਰ ਸਕਿਆ। ਇਹ ਯਾਤਰਾ 15 ਰਾਜਾਂ ਵਿੱਚੋਂ 6,713 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ। ਇਸ ਵਿਚਾਲੇ ਕਾਂਗਰਸ ਦੇ ਸੀਨੀਅਰ ਨੇਤਾ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ।