ਕਠੂਆ/ਜੰਮੂ: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਸਥਿਤ ਇੱਕ ਮੰਦਰ ਵਿੱਚ ਕਥਿਤ ਤੌਰ ’ਤੇ ਮੂਰਤੀ ਦੀ ਭੰਨਤੋੜ ਕਰਨ ਦੇ ਦੋਸ਼ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਮਾਹਾਨਪੁਰ ਦੇ ਪਿੰਡ ਧਮਲੇਰ-ਮੋਰਾ ਸਥਿਤ ਸ਼ਿਵ ਮੰਦਰ 'ਚ ਰੱਖੀ ਭਗਵਾਨ ਹਨੂੰਮਾਨ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ।
ਕਥਿਤ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਮਾਹਾਨਪੁਰ ਨੇੜੇ ਧਾਰ ਰੋਡ 'ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਆਰੋਪੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਲਈ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ। ਐਸਡੀਪੀਓ ਬਿਲਵਰ ਅਰਵਿੰਦ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਇਸ ਮਾਮਲੇ ਸਬੰਧੀ ਐਫ.ਆਈ.ਆਰ ਦਰਜ ਕਰ ਲਈ ਅਤੇ ਆਰੋਪੀਆਂ ਨੂੰ ਜਲਦੀ ਫੜਨ ਦਾ ਭਰੋਸਾ ਦਿੱਤਾ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਇੱਕ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਇੱਕ ਪੁਲਿਸ ਟੀਮ ਨੂੰ ਘਟਨਾ ਦੀ ਜਾਂਚ ਕਰਨ ਅਤੇ ਆਰੋਪੀਆਂ ਨੂੰ ਫੜਨ ਦਾ ਕੰਮ ਸੌਂਪਿਆ ਗਿਆ ਹੈ।"
ਉਨ੍ਹਾਂ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਮੰਦਰ ਵਿੱਚ ਦਾਖ਼ਲ ਹੋ ਕੇ ਕਥਿਤ ਤੌਰ ’ਤੇ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਕਥਿਤ ਘਟਨਾ ਦੀ ਖ਼ਬਰ ਫੈਲਦਿਆਂ ਹੀ ਜ਼ਿਲ੍ਹਾ ਵਿਕਾਸ ਕੌਂਸਲ ਮੈਂਬਰ ਗੋਲਡੀ ਕੁਮਾਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਆਰੋਪੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਮੁੱਖ ਸੜਕ ’ਤੇ ਜਾਮ ਲਾ ਦਿੱਤਾ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਣ ਲਈ ਮਨਾ ਲਿਆ। ਉਨ੍ਹਾਂ ਆਰੋਪੀਆਂ ਦੀ ਸ਼ਨਾਖਤ ਕਰਨ ਤੇ ਗ੍ਰਿਫ਼ਤਾਰ ਕਰਨ ਲਈ ਵਿਆਪਕ ਜਾਂਚ ਦਾ ਭਰੋਸਾ ਵੀ ਦਿੱਤਾ।
ਪਿਛਲੇ ਤਿੰਨ ਮਹੀਨਿਆਂ ਵਿੱਚ ਜੰਮੂ ਖੇਤਰ ਵਿੱਚ ਕਿਸੇ ਮੰਦਰ ਦੀ ਕਥਿਤ ਭੰਨਤੋੜ ਦੀ ਇਹ ਤੀਜੀ ਘਟਨਾ ਹੈ। 8 ਅਪ੍ਰੈਲ ਨੂੰ ਜੰਮੂ ਦੇ ਸਿੱਧਰਾ ਇਲਾਕੇ 'ਚ ਅਣਪਛਾਤੇ ਤੱਤਾਂ ਨੇ ਇਕ ਮੰਦਰ 'ਚ ਭੰਨਤੋੜ ਕੀਤੀ ਸੀ।
ਇਸ ਤੋਂ ਬਾਅਦ 5 ਜੂਨ ਨੂੰ ਡੋਡਾ ਜ਼ਿਲ੍ਹੇ ਦੇ ਉਪਰਲੇ ਇਲਾਕੇ 'ਚ ਸਥਿਤ ਵਾਸੂਕੀ ਨਾਗ ਮੰਦਰ 'ਚ ਵੀ ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਵਾਪਰੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਗਵਾਨ ਹਨੂੰਮਾਨ ਦੀ ਮੂਰਤੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਘਿਨੌਣੀ ਹਰਕਤ ਨਾ ਕਰੇ।
ਇਹ ਵੀ ਪੜੋ:- ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਐਤਵਾਰ ਨੂੰ ਬੁਲਾਈ ਸਰਬ ਪਾਰਟੀ ਮੀਟਿੰਗ