ਚੰਡੀਗੜ੍ਹ : ਭਾਰਤੀ ਫੌਜ ਵਿੱਚ ਸਿੱਖ ਰੈਜੀਮੈਂਟ ਦੀ ਆਪਣੀ ਵੱਖਰੀ ਪਛਾਣ ਹੈ। ਇਹ ਰੈਜੀਮੈਂਟ ਆਪਣੀ ਬਹਾਦਰੀ, ਨਿਡਰਤਾ ਤੇ ਨਿਸ਼ਚੈ ਲਈ ਜਾਣੀ ਜਾਂਦੀ ਹੈ।
ਭਾਰਤੀ ਫੌਜ ਅੰਦਰ ਮੌਜੂਦਾ ਸਮੇਂ 'ਚ ਸਿੱਖ ਰੈਜੀਮੈਂਟ ਦੀਆਂ 19 ਬਟਾਲੀਅਨ ਹਨ। ਇਸ ਤੋਂ ਇਲਾਵਾ ਆਰ.ਆਰ. ਰਾਈਫਲਜ਼ ਅਤੇ ਟੀ.ਏ. ਬਟਾਲੀਅਨਾਂ ਅੰਦਰ ਵੀ ਸਿੱਖ ਰੈਜੀਮੈਂਟ ਦੀ ਈ.ਆਰ.ਈ. ਹੈ।
ਸਿੱਖ ਰੈਜੀਮੈਂਟ ਦਾ ਇਤਿਹਾਸ
ਸਿੱਖ ਰੈਜੀਮੈਂਟ ਦੀ ਸਥਾਪਨਾ 1 ਅਗਸਤ 1846 ਨੂੰ ਹੋਈ ਸੀ। ਇਸ ਦੌਰਾਨ ਫਿਰੋਜ਼ਪੁਰ ਤੋਂ 14 ਸਿੱਖ ਤੇ ਲੁਧਿਆਣਾ ਤੋਂ 15 ਸਿੱਖ ਪਲਟਨਾਂ ਖੜ੍ਹੀਆਂ ਕਰਨ ਦੀ ਸ਼ੁਰੂਆਤ ਹੋਈ ਸੀ।
ਸਿੱਖ ਰੈਜੀਮੈਂਟ ਦਾ ਮੋਟੋ
ਸਿੱਖ ਰੈਜੀਮੈਂਟ ਦਾ ਆਦਰਸ਼ ਵਾਕ (ਮੋਟੋ) 'ਨਿਸਚੈ ਕਰ ਅਪਨੀ ਜੀਤ ਕਰੋਂ' ਹੈ। ਸਿੱਖ ਬਟਾਲੀਅਨਾਂ ਦਾ ਜੰਗੀ ਨਾਅਰਾ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੀ ਗੂੰਜ ਨਾਲ ਦੁਸ਼ਮਣਾਂ ਨੂੰ ਭਾਜੜਾਂ ਪਾ ਦਿੰਦਾ ਹੈ। 10 ਸਾਲ ਬਾਅਦ 45 ਸਿੱਖ ਸੰਨ 1856 'ਚ ਖੜ੍ਹੀ ਕੀਤੀ ਗਈ। ਬ੍ਰਿਟਿਸ਼ ਇੰਡੀਆ ਸਰਕਾਰ ਨੇ ਸੰਨ 1887 ਵਿੱਚ ਨਿਰੋਲ ਜੱਟ ਸਿੱਖ ਬਟਾਲੀਅਨ ਅਤੇ 35 ਸਿੱਖ ਬਟਾਲੀਅਨ ਖੜ੍ਹੀਆਂ ਕੀਤੀਆਂ ਸਨ।
ਸਿੱਖ ਰੈਜੀਮੈਂਟ ਦੀਆਂ ਉਪਲਬਧੀਆਂ
- ਸਿੱਖ ਰੈਜੀਮੈਂਟ ਦੀ ਸਥਾਪਨਾ ਤੋਂ ਲੈ ਕੇ ਬ੍ਰਿਟਿਸ਼ ਇੰਡੀਆ ਰਾਜ ਦੇ ਅੰਤ ਤੱਕ ਇਸ ਮਾਰਸ਼ਲ ਕੌਮ ਦੀ ਰੈਜੀਮੈਂਟ ਨੂੰ ਕੁੱਲ 983 ਬਹਾਦਰੀ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਜਿਸ 'ਚ ਬੈਟਲ ਆਰਮਜ਼ 74, ਥੀਏਟਰ ਆਨਰਜ਼ 38, ਵਿਕਟੋਰੀਆ ਕਰਾਸ 10, ਇੰਡੀਅਨ ਆਰਡਰ ਆਫ਼ ਮੈਰਿਟ 196, ਡੀ.ਐਸ.ਓ. 35, ਮਿਲਟਰੀ ਕਰਾਸ 89, ਮਿਲਟਰੀ ਮੈਡਲ 34, ਆਈ.ਡੀ.ਐਸ.ਐਮ. 195, ਓ.ਬੀ.ਈ. 09, ਓ.ਬੀ.ਆਈ. 47, ਐਮ.ਬੀ.ਈ. 04, ਐਮ.ਆਈ.ਡੀ. 197, ਬਾਕੀ ਦੇ 86 ਪੁਰਸਕਾਰ ਸ਼ਾਮਲ ਹਨ।
- ਅਜ਼ਾਦ ਭਾਰਤ ਵਿੱਚ ਸਿੱਖ ਪਲਟਨ ਨੂੰ 9 ਬੈਟਲ ਆਰਨਜ਼, 8 ਥੀਏਟਰ ਆਨਰਜ਼, 18 ਯੂਨਿਟ ਸਾਈਟੇਸ਼ਨਜ਼, 22 ਯੂਨਿਟ ਐਪਰੀਸੀਏਸ਼ਨ, ਪੀ.ਵੀ.ਸੀ. 2, ਅਸ਼ੋਕ ਚੱਕਰ 3, ਪਦਮ ਵਿਭੂਸ਼ਨ 1, ਪਦਮ ਭੂਸ਼ਨ 1, ਪੀ.ਵੀ.ਐਸ.ਐਮ. 9, ਐਮ.ਵੀ.ਸੀ 14, ਕੇ. ਸੀ. 12, ਉੱਤਮ ਯੁੱਧ ਸੇਵਾ ਮੈਡਲ 1, ਪਦਮਸ੍ਰੀ 1, ਏ.ਵੀ.ਐਸ.ਐਮ. 18, ਵੀ.ਆਰ.ਸੀ. 68, ਐਸ. ਸੀ. 47 ਅਤੇ ਕੁਝ ਹੋਰ ਮਿਲਾ ਕੇ ਗਿਣਤੀ ਹੁਣ ਤੱਕ ਸਿੱਖ ਰੈਜੀਮੈਂਟ ਦੇ ਝੋਲੇ ਵਿੱਚ 2281 ਬਹਾਦਰੀ ਪੁਰਸਕਾਰ ਪਏ, ਜਿਨ੍ਹਾਂ ਦੀ ਗਿਣਤੀ ਸੰਨ 1947 ਤੋਂ ਸ਼ੁਰੂ ਹੋਈ।
- ਸਿੱਖ ਰੈਜੀਮੈਂਟ ਨੇ ਸੰਨ 1894-95 ਵਿੱਚ ਦੂਸਰੀ ਅਫ਼ਗਾਨ ਜੰਗ ਸਮੇਂ ਆਪਣੇ ਵੀਰਤਾ ਭਰਪੂਰ ਕਾਰਨਾਮਿਆਂ ਸਦਕਾ ਖੂਬ ਨਾਂਅ ਖੱਟਿਆ।
- ਸੰਨ 1897 ਵਿੱਚ 36 ਸਿੱਖ ਬਟਾਲੀਅਨ ਦੇ ਇੱਕ ਦਸਤੇ ਨੇ ਅਦੁੱਤੀ ਜੰਗ ਸਾਰਾਗੜ੍ਹੀ ਲੜੀ। ਇਸ ਜੰਗ ਦੇ ਸਾਰੇ 21 ਜਵਾਨ ਹਵਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ ਤਕਰੀਬਨ 10 ਹਜ਼ਾਰ ਤਾਕਤਵਰ ਅਫਗਾਨ ਲਸ਼ਕਰਾਂ ਨਾਲ ਜੂਝਦਿਆਂ ਇੱਕ-ਇੱਕ ਕਰਕੇ ਆਖਰੀ ਗੋਲੀ ਤੇ ਆਖ਼ਰੀ ਸਾਹ ਤੱਕ ਲੜਦਿਆਂ ਸ਼ਹੀਦ ਹੋ ਗਏ।
- ਪਹਿਲਾ ਵਿਸ਼ਵਯੁੱਧ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਸਿੱਖ ਪਲਟਨਾਂ ਨੇ ਫ੍ਰਾਂਸ, ਇਟਲੀ, ਫਲਸਤੀਨ, ਮਿਸਰ ਅਤੇ ਬਰਮਾ ਸਣੇ ਹੋਰ ਕਈ ਯੂਰਪੀਅਨ ਦੇਸ਼ਾਂ ਅਤੇ ਏਸ਼ੀਆ ਦੇ ਹੋਰ ਕਈ ਦੇਸ਼ਾਂ 'ਚ ਅਨੇਕਾਂ ਕਿਸਮ ਦੇ ਬਹਾਦਰੀ ਭਰਪੂਰ ਕਾਰਨਾਮੇ ਕਰ ਦਿਖਾਏ ਅਤੇ ਸ਼ਹਾਦਤਾਂ ਦਿੱਤੀਆਂ।
ਇਹ ਵੀ ਪੜ੍ਹੋ : ਪੰਜਾਬ ਦੀ ਸਰਹੱਦ 'ਤੇ ਚੱਲ ਰਿਹਾ ਰਿਹਾ ਨਕਲੀ ਪੈਟਰੋਲ ਪੰਪ