ਜਲੰਧਰ: ਕਹਿੰਦੇ ਨੇ ਕਿਸੇ ਵੀ ਇਨਸਾਨ ਨੂੰ ਸਫ਼ਲ ਬਣਾਉਣ ਵਿੱਚ ਸਭ ਤੋਂ ਵੱਡਾ ਹੱਥ ਮਾਵਾਂ ਦਾ ਹੁੰਦਾ ਹੈ। ਬੱਚਿਆਂ ਦੇ ਜਨਮ ਤੋਂ ਲੈ ਕੇ ਉਸ ਦੀ ਪੜ੍ਹਾਈ ਲਿਖਾਈ ਉਸ ਨੂੰ ਜ਼ਿੰਦਗੀ ਵਿੱਚ ਕੁਝ ਬਣਨ ਦੀ ਚਾਹ ਸਭ ਤੋਂ ਜ਼ਿਆਦਾ ਮਾਵਾਂ ਦੇ ਦਿਲ ਵਿੱਚ ਹੁੰਦੀ ਹੈ। ਮਾਵਾਂ ਆਪਣੇ ਬੱਚਿਆਂ ਲਈ ਜੋ ਕੁਰਬਾਨੀ ਕਰਦੀਆਂ ਹਨ ਉਹ ਸ਼ਾਇਦ ਦੁਨੀਆਂ ਦਾ ਕੋਈ ਸ਼ਖ਼ਸ ਨਹੀਂ ਕਰ ਸਕਦਾ। ਫਿਰ ਚਾਹੇ ਗੱਲ ਬੱਚੇ ਨੂੰ ਪਿਆਰ ਨਾਲ ਉਸ ਨੂੰ ਕੁਝ ਬਣਨ ਦਾ ਰਾਹ ਦਿਖਾਉਣ ਦੀ ਹੋਵੇ ਜਾਂ ਫਿਰ ਉਸ ਨੂੰ ਘੁੱਟ ਕੇ ਇਹ ਅਹਿਸਾਸ ਦਿਵਾਉਣ ਦੀ ਹੋਵੇ ਕਿ ਜ਼ਿੰਦਗੀ ਵਿੱਚ ਹਰ ਕਦਮ ਅੱਗੇ ਕਿੱਦਾਂ ਵਧਾਉਣਾ ਹੈ ਇਹ ਗੱਲ ਇੱਕ ਮਾਂ ਤੋਂ ਜ਼ਿਆਦਾ ਵਧੀਆ ਤਰ੍ਹਾਂ ਕੋਈ ਨਹੀਂ ਸਿਖਾ ਸਕਦਾ। ਭਾਰਤੀ ਹਾਕੀ ਖਿਡਾਰੀਆਂ ਦੀਆਂ ਮਾਵਾਂ ਨੇ ਕੁਝ ਏਦਾਂ ਦੀਆਂ ਹੀ ਗੱਲਾਂ ਅੱਜ ਸਾਡੇ ਨਾਲ ਆਪਣੇ ਇਨ੍ਹਾਂ ਸਬੂਤਾਂ ਬਾਰੇ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜੋ: ਚੰਗੇ ਪ੍ਰਦਰਸ਼ਨ ਨਾਲ ਨੌਜਵਾਨ ਪੀੜੀ ਨੂੰ ਮਿਲੇਗੀ ਪ੍ਰੇਰਨਾ: ਪ੍ਰਗਟ ਸਿੰਘ
ਕਪਤਾਨ ਮਨਪ੍ਰੀਤ ਸਿੰਘ ਦੀ ਮਾਂ ਨੇ ਸਾਂਝੇ ਕੀਤੇ ਸੰਘਰਸ਼ ਦੇ ਪਲ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਦੇ ਮਾਤਾ ਜੀ ਮਨਜੀਤ ਕੌਰ ਨਾਲ, ਜਿਨ੍ਹਾਂ ਨੇ ਆਪਣੇ ਬੇਟਿਆਂ ਨੂੰ ਇਕੱਲੇ ਆਪਣੇ ਦਮ ’ਤੇ ਇਸ ਮੁਕਾਮ ਉੱਤੇ ਪਹੁੰਚਦੇ ਹੋਏ ਦੇਖਿਆ ਹੈ। ਮਨਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਸੀ ਕਿ ਉਹ ਆਪਣੇ ਬੱਚਿਆਂ ਨੂੰ ਕਿਸੇ ਖੇਡ ਵਿੱਚ ਪਾ ਕੇ ਉਨ੍ਹਾਂ ’ਤੇ ਪੈਸੇ ਖਰਚ ਸਕਦੇ ਸਨ।
ਉਨ੍ਹਾਂ ਮੁਤਾਬਕ ਮਨਪ੍ਰੀਤ ਦੇ ਵਾਰ-ਵਾਰ ਜ਼ਿੱਦ ਕਰਨ ’ਤੇ ਉਸ ਨੂੰ ਹਾਕੀ ਖੇਡਣ ਲਈ ਜਾਣ ਦਿੱਤਾ ਜਾਂਦਾ ਸੀ, ਉਨ੍ਹਾਂ ਨੇ ਬੁਰ੍ਹੇ ਹਾਲਾਤਾਂ ਦੇ ਬਾਵਜੂਦ ਉਸ ਦਾ ਹਰ ਕਦਮ ’ਤੇ ਸਾਥ ਦਿੱਤਾ। ਉਹ ਦੱਸਦੇ ਨੇ ਕਿ ਪਹਿਲੇ ਤਾਂ ਉਹ ਮਨਪ੍ਰੀਤ ਨੂੰ ਕਾਫੀ ਮਨ੍ਹਾ ਕਰਦੇ ਸੀ ਕਿ ਹਾਕੀ ਨਾ ਖੇਡ, ਪਰ ਮਨਪ੍ਰੀਤ ਦੀ ਜਿੱਦ ਦੇਖ ਉਨ੍ਹਾਂ ਨੇ ਉਸ ਨੂੰ ਹਾਕੀ ਖੇਡਣ ਦੀ ਇਜਾਜ਼ਤ ਦਿੱਤੀ ਅਤੇ ਅੱਜ ਉਹੀ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦਾ ਐਸਾ ਕਪਤਾਨ ਬਣ ਗਿਆ ਹੈ ਜਿਸ ਨੇ ਅੱਜ ਹਾਕੀ ਟੀਮ ਦੀ ਕਪਤਾਨੀ ਕਰਦੇ ਹੋਏ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਇਸ ਮੌਕੇ ਪੂਰੀ ਟੀਮ ਨੂੰ ਵਧਾਈ ਦੇਣ ਦੇ ਨਾਲ-ਨਾਲ ਇਹ ਅਸ਼ੀਰਵਾਦ ਵੀ ਦਿੰਦੀ ਹੈ ਕਿ ਟੀਮ ਅੱਗੇ ਵੀ ਇਸੇ ਤਰ੍ਹਾਂ ਖੇਡਦੀ ਰਹੇ।
ਇਹ ਵੀ ਪੜੋ: ਹਾਕੀ ਜਿੱਤਣ ਤੋਂ ਬਾਅਦ ਭਗਵੰਤ ਮਾਨ ਨੇ PM ਮੋਦੀ ਅੱਗੇ ਰੱਖੀ ਇਹ ਮੰਗ
ਮਨਦੀਪ ਸਿੰਘ ਦੀ ਮਾਂ ਦੇ ਸੰਘਰਸ਼ ਦੀ ਕਹਾਣੀ
ਇਸ ਦੇ ਨਾਲ ਭਾਰਤੀ ਹਾਕੀ ਟੀਮ ਵਿੱਚ ਜਲੰਧਰ ਦੇ ਦੂਸਰੇ ਸਿਤਾਰੇ ਮਨਦੀਪ ਸਿੰਘ ਦੀ ਮਾਤਾ ਦਵਿੰਦਰਜੀਤ ਕੌਰ ਦੱਸਦੇ ਹਨ ਕਿ ਬੇਟੇ ਨੂੰ ਇਸ ਮੁਕਾਮ ਤਕ ਪਹੁੰਚਾਉਣਾ ਕੋਈ ਆਸਾਨ ਕੰਮ ਨਹੀਂ ਸੀ ਕਿਉਂਕਿ ਪੈਰ-ਪੈਰ ’ਤੇ ਉਸ ਨੂੰ ਹਰ ਗੱਲ ਸਮਝਾਉਣਾ ਅਤੇ ਹਰ ਕਦਮ ਉਸ ਦਾ ਸਾਥ ਦੇਣਾ ਉਨ੍ਹਾਂ ਦੀ ਪਹਿਲੀ ਡਿਊਟੀ ਸੀ। ਉਨ੍ਹਾਂ ਮੁਤਾਬਕ ਅੱਜ ਇਹੀ ਕਾਰਨ ਹੈ ਕਿ ਮਨਦੀਪ ਸਿੰਘ ਹਾਕੀ ਦਾ ਇੱਕ ਸਿਤਾਰਾ ਬਣ ਗਿਆ ਹੈ ਅਤੇ ਭਾਰਤੀ ਹਾਕੀ ਟੀਮ ਵਿੱਚ ਖੇਡਦਾ ਹੋਇਆ ਜਾਪਾਨ ਓਲਪਿੰਕ ਵਿੱਚ ਦੇਸ਼ ਲਈ ਕਾਂਸੀ ਮੈਡਲ ਲੈ ਕੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਨੂੰ ਬਚਪਨ ਤੋਂ ਹੀ ਹਾਕੀ ਦਾ ਬਹੁਤ ਸ਼ੌਕ ਸੀ ਅਤੇ ਉਹਨਾਂ ਨੇ ਵੀ ਕਦੀ ਉਸ ਨੂੰ ਹਾਕੀ ਖੇਡਣ ਤੋਂ ਮਨ੍ਹਾਂ ਨਹੀਂ ਕੀਤਾ।
ਵਰੁਣ ਦੀ ਮਾਂ ਦੇ ਯਾਦਗਾਰੀ ਪਲ ਦੱਸਦੇ ਹੋਏ ਭਾਵੁਕ
ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਵਿੱਚ ਜਲੰਧਰ ਦੇ ਮਿੱਠਾਪੁਰ ਦੇ ਤੀਸਰੇ ਖਿਡਾਰੀ ਵਰੁਣ ਦੀ ਮਾਂ ਸ਼ਕੁੰਤਲਾ ਦੇਵੀ ਵੀ ਕਹਿੰਦੇ ਹਨ ਕਿ ਅੱਜ ਉਨ੍ਹਾਂ ਦਾ ਪੁੱਤਰ ਇੱਕ ਓਲੰਪੀਅਨ ਬਣ ਗਿਆ ਹੈ ਜਿਸ ਦਾ ਉਨ੍ਹਾਂ ਨੂੰ ਬਹੁਤ ਮਾਣ ਹੈ। ਉਨ੍ਹਾਂ ਮੁਤਾਬਕ ਵਰੁਣ ਦਾ ਬਚਪਨ ਤੋਂ ਓਲਪਿੰਕ ਤੱਕ ਦਾ ਸਫਰ ਬਹੁਤ ਹੀ ਔਖਾ ਸਫ਼ਰ ਸੀ, ਕਿਉਂਕਿ ਉਨ੍ਹਾਂ ਦਾ ਪਰਿਵਾਰ ਇੱਕ ਆਮ ਪਰਿਵਾਰ ਸੀ ਪਿਤਾ ਇੱਕ ਪ੍ਰਾਈਵੇਟ ਗੱਡੀ ਚਲਾਉਂਦੇ ਸੀ।
ਇਸ ਸਭ ਦੇ ਵਿੱਚ ਬੱਚਿਆਂ ਦੀ ਜ਼ਿੰਮੇਵਾਰੀ ਉਨ੍ਹਾਂ ’ਤੇ ਸੀ ਅਤੇ ਉਨ੍ਹਾਂ ਨੇ ਉਸ ਨੂੰ ਬਾਖੂਬੀ ਨਿਭਾਉਂਦੇ ਹੋਏ ਆਪਣੀ ਇਹ ਜ਼ਿੰਮੇਵਾਰੀ ਪੂਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਰੁਣ ਹਾਕੀ ਖੇਡਣਾ ਚਾਹੁੰਦਾ ਸੀ, ਪਰ ਪਰਿਵਾਰ ਕੋਲ ਇਨ੍ਹਾਂ ਪੈਸਾ ਨਹੀਂ ਸੀ ਕਿ ਉਹ ਉਸ ਦੇ ਖਰਚ ਸਕਦੇ ਪਰ ਵਰੁਣ ਦੇ ਯਾਰਾਂ ਦੋਸਤਾਂ ਦੀ ਮਦਦ ਨਾਲ ਉਹ ਇਸ ਮੁਕਾਮ ’ਤੇ ਪਹੁੰਚਿਆ ਹੈ।
ਅੱਜ ਵਰੁਣ ਦੀ ਇਸ ਜਿੱਤ ’ਤੇ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਲਈ ਉਹ ਦੱਸਦੇ ਨੇ ਕਿ ਵਰੁਣ ਦੇ ਇਸ ਮੁਕਾਮ ’ਤੇ ਪਹੁੰਚਣ ਤੋਂ ਬਾਅਦ ਵੀ ਅੱਜ ਉਹ ਆਪਣੀਆਂ ਪੁਰਾਣੀਆਂ ਗੱਲਾਂ ਨਹੀਂ ਭੁੱਲੇ ਅਤੇ ਅੱਜ ਵੀ ਉਹ ਸਾਰੀਆਂ ਗੱਲਾਂ ਨੂੰ ਉਹ ਯਾਦ ਕਰਦੇ ਨੇ ਕਿ ਕਿਸ ਤਰ੍ਹਾਂ ਅਤੇ ਕਿਸ ਹਾਲਾਤਾਂ ਵਿੱਚ ਬੱਚਿਆਂ ਨੂੰ ਪਾਲ ਕੇ ਇੱਥੇ ਤੱਕ ਪਹੁੰਚਾਇਆ ਕਿ ਅੱਜ ਉਹ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ।
ਸੋ ਅੱਜ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤ ਨਾਂ ਰੌਸ਼ਨ ਕਰਨ ਵਾਲੇ ਇਹਨਾਂ ਖਿਡਾਰੀਆਂ ਦੇ ਸੰਘਰਸ਼ ਪਿੱਛੇ ਇਹਨਾਂ ਦੀਆਂ ਕੁੱਖਾਂ ਭਾਵ ਮਾਵਾਂ ਦਾ ਵੀ ਬਹੁਤ ਵੱਡਾ ਸੰਘਰਸ਼ ਹੈ ਜਿਹਨਾਂ ਨੇ ਦਿਨ ਰਾਤ ਇੱਕ ਕਰ ਇਹਨਾਂ ਨੂੰ ਇੱਥੇ ਪਹੁੰਚਿਆਂ ਹੈ, ਈਟੀਵੀ ਭਾਰਤ ਵੱਲੋਂ ਦੇਸ਼ ਦੀਆਂ ਸਾਰੀਆਂ ਮਾਵਾਂ ਨੂੰ ਸਲਾਮ ਜੋ ਦਿਨ ਰਾਤ ਇੱਕ ਕਰ ਆਪਣੇ ਬੱਚੇ ਨੂੰ ਪਾਲਦੀਆਂ ਹਨ।
ਇਹ ਵੀ ਪੜੋ: ਕਪਤਾਨ ਮਨਪ੍ਰੀਤ ਸਿੰਘ ਨੇ ਤਗਮਾ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਨੂੰ ਕੀਤਾ ਸਮਰਪਿਤ