ਨਵੀਂ ਦਿੱਲੀ : ਕੇਂਦਰ ਅਤੇ ਕਿਸਾਨਾਂ ਵਿਚਾਲੇ ਬੈਠਕਾਂ ਦਾ ਦੌਰ ਜਾਰੀ ਹੈ। ਲਗਾਤਾਰ 9 ਗੇੜ ਦੀਆਂ ਬੈਠਕਾਂ ਬੇਸਿੱਟਾ ਰਹੀਆਂ ਹਨ, ਹਰ ਬੈਠਕ ਤੋਂ ਬਾਅਦ ਕੇਂਦਰ ਵੱਲੋਂ ਨਵੀਂ ਬੈਠਕ ਦੀ ਤਾਰੀਖ਼ ਦੇ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ 9ਵੇਂ ਗੇੜ 15 ਜਨਵਰੀ ਦੀ ਬੈਠਕ ਤੋਂ ਬਾਅਦ ਕੇਂਦਰ ਵੱਲੋਂ ਕਿਸਾਨਾਂ ਨੂੰ ਬੈਠਕ ਲਈ 19 ਜਨਵਰੀ ਦਾ ਸਮਾਂ ਦਿੱਤਾ ਗਿਆ ਸੀ।
ਪਰ ਹੁਣ ਕੇਂਦਰ ਵੱਲੋਂ ਇਸ ਬੈਠਕ ਦੀ ਤਾਰੀਖ 'ਚ ਤਬਦੀਲੀ ਕੀਤੀ ਗਈ ਹੈ। ਇਹ ਬੈਠਕ ਹੁਣ 19 ਨੂੰ ਨਹੀਂ ਸਗੋਂ 20 ਨੂੰ ਵਿਗਿਆਨ ਭਵਨ ਦੁਪਹਿਰ 2 ਵਜੇ ਦੀ ਰੱਖੀ ਗਈ ਹੈ। ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੇ ਕਿਸਾਨ ਜੱਥੇਬੰਦੀਆਂ ਨੂੰ ਇੱਕ ਪੱਤਰ ਲਿਖਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਨਾਲ ਹੋਣ ਵਾਲੀ 19 ਜਨਵਰੀ ਦੀ ਬੈਠਕ ਇੱਕ ਦਿਨ ਦੇ ਲਈ ਮੁਲਤਵੀ ਕੀਤੀ ਗਈ ਹੈ। ਇਹ ਬੈਠਕ ਹੁਣ 19 ਜਨਵਰੀ ਨੂੰ ਨਹੀਂ 20 ਜਨਵਰੀ ਨੂੰ ਹੋਵੇਗੀ।
ਦਿੱਲੀ 'ਚ ਪੈ ਰਹੀ ਕੜਾਕੇ ਦੀ ਠੰਡ 'ਚ ਕਿਸਾਨ ਸੜਕਾਂ 'ਤੇ ਬੈਠੇ ਹਨ ਅਤੇ ਕਾਨੂੰਨ ਰੱਦ ਕਰਨ ਦੀ ਆਪਣੀ ਜਿੱਦ 'ਤੇ ਅੜੇ ਹੋਏ ਹਨ। ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਆਈ.ਏ.) ਦੇ ਨੋਟਿਸ ਭੇਜੇ ਜਾਣ 'ਤੇ ਕਿਸਾਨ ਜਥੇਬੰਦੀਆ ਨੇ ਨਾਰਾਜ਼ਗੀ ਜਤਾਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਕੇਂਦਰੀ ਪੱਧਰ 'ਤੇ ਹੋਣ ਵਾਲੀ ਬੈਠਕ 'ਚ ਚੁੱਕਣਗੇ।