ਬਹਾਦੁਰਗੜ੍ਹ: ਸ਼ੁੱਕਰਵਾਰ ਦੀ ਰਾਤ ਟਿੱਕਰੀ ਬਾਰਡਰ (Tikri Border) ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੁਲਿਸ ਨੇ ਬੈਰੀਕੇਡਿੰਗ ਹਟਾ ਰਸਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਟਿੱਕਰੀ ਸਰਹੱਦ (Tikri Border) ’ਤੇ ਜਦੋਂ ਪੁਲਿਸ ਇੱਕ ਮਾਰਗੀ ਸੜਕ ਨੂੰ ਖੋਲ੍ਹ ਰਹੀ ਸੀ ਤਾਂ ਇਸ ਦੌਰਾਨ ਕਿਸਾਨਾਂ ਨੇ ਹੰਗਾਮਾ ਕਰ ਦਿੱਤਾ ਤੇ ਕੁਝ ਕਿਸਾਨ ਜੇਸੀਬੀ ਅੱਗੇ ਲੇਟ ਵੀ ਗਏ।
ਇਸ ਮੌਕੇ ਉਥੇ ਕਿਸਾਨਾਂ ਦੀ ਭੀੜ ਇਕੱਠੀ ਹੋ ਗਈ ਤੇ ਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਸਾਡੇ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ ਤੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੁਝ ਮਰਜੀ ਹੋ ਜਾਏ ਉਹ ਰਸਤਾ ਨਹੀਂ ਖੋਲ੍ਹਣ ਦੇਣਗੇ।
ਰਾਜੇਵਾਲ ਨੇ ਕੀਤੀ ਅਪੀਲ
ਉਥੇ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਤੋਂ ਪੁਲਿਸ ਬੈਰੀਕੇਡ ਹਟਾ ਰਹੀ ਹੈ ਜਿਸ ਕਾਰਨ ਸਾਡੇ ਕਿਸਾਨ ਭਰਾਵਾਂ ਨੂੰ ਚਿੰਤਾ ਵਿੱਚ ਹਨ। ਉਹਨਾਂ ਨੇ ਕਿਹਾ ਕਿ ਜੋ ਰਾਤ ਟਿੱਕਰੀ ਬਾਰਡਰ ’ਤੇ ਹੋਇਆ ਇਸ ਸਪੱਸ਼ਟ ਹੈ ਕਿ ਸਰਕਾਰ ਬੁਖਲਾ ਚੁੱਕੀ ਹੈ ਤੇ ਉਹ ਸੁਪਰੀਮ ਕੋਰਟ ਵਿੱਚ ਇਹ ਸਿੱਧ ਕਰਨਾ ਚਾਹੁੰਦੀ ਹੈ ਕਿ ਰਸਤਾ ਪੁਲਿਸ ਨੇ ਨਹੀਂ ਸਗੋਂ ਕਿਸਾਨਾਂ ਨੇ ਰੋਕਿਆ ਹੋਇਆ ਹੈ।
ਉਹਨਾਂ ਨੇ ਕਿਹਾ ਕਿ ਸਾਨੂੰ ਇਸ ਵੇਲੇ ਇਹ ਹੈ ਕਿ ਜੋ ਇਹਨਾਂ ਸੜਕਾਂ ’ਤੇ ਟ੍ਰੈਫਿਰ ਚੱਲੇਗਾ ਉਸ ਨਾਲ ਵੱਡਾ ਨੁਕਸਾਨ ਹੋਵੇਗਾ। ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਸਮੇਂ ਸ਼ਾਂਤੀ ਬਣਾਈ ਰੱਖਣ ਦੀ ਲੋੜ ਹੈ, ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਹੁਣ ਪੂਰੇ ਮੁਲਕ ਵਿੱਚ ਲਾਹਨਤਾਂ ਪੈ ਰਹੀਆਂ ਹਨ। ਉਹਨਾਂ ਨੇ ਕਿਹਾ ਕੀ ਸਾਡਾ ਮੋਰਚਾ ਸਿਖਰਾਂ ’ਤੇ ਹੈ ਜਿਸ ਲਈ ਸ਼ਾਂਤੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਰਾਜੇਵਾਲ ਨੇ ਕਿਹਾ ਕਿ ਅਸੀਂ ਜਿੱਤ ਤੇ ਬਹੁਤ ਕਰੀਬ ਹਾਂ ਇਸ ਲਈ ਸਾਨੂੰ ਜੋਸ਼ ਦੇ ਨਾਲ ਹੋਸ਼ ਨਾਲ ਕੰਮ ਲੈ ਕੇ ਸ਼ਾਂਤੀ ਬਣਾਈ ਰੱਖਣੀ ਹੈ।
ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ
ਸ਼ੁੱਕਰਵਾਰ ਦੇਰ ਰਾਤ ਟਿੱਕਰੀ ਸਰਹੱਦ (Tikri border) 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਤੋਂ ਬਾਹਰ ਆਏ ਕਿਸਾਨ ਆਗੂਆਂ ਨੇ ਦੱਸਿਆ ਕਿ ਅਸੀਂ ਸੜਕਾਂ ਬੰਦ ਨਹੀਂ ਕਰਵਾਈਆਂ ਸਨ, ਪਰ ਹੁਣ ਜੇਕਰ ਪੁਲਿਸ ਨੇ ਸੜਕਾਂ ਖੋਲ੍ਹ ਦਿੱਤੀਆਂ ਤਾਂ ਅੰਦੋਲਨਕਾਰੀ ਮੁਸੀਬਤ ਵਿੱਚ ਪੈ ਜਾਣਗੇ। ਅੰਦੋਲਨਕਾਰੀਆਂ ਨੇ ਸਵਾਲ ਉਠਾਇਆ ਕਿ ਜੇਕਰ ਕੋਈ ਕਿਸਾਨ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ।
ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਰਹੱਦ ’ਤੇ 5 ਫੁੱਟ ਦਾ ਰਸਤਾ ਦੇਣ ਦੀ ਹਾਮੀ ਭਰੀ ਹੈ। ਕਿਸਾਨਾਂ ਨੇ ਪੈਦਲ, ਸਾਈਕਲ, ਮੋਟਰਸਾਈਕਲ, ਆਟੋ ਅਤੇ ਐਂਬੂਲੈਂਸ ਨੂੰ ਜਾਣ ਦਾ ਰਸਤਾ ਦਿੱਤਾ ਹੈ। ਇਸ ਦੇ ਨਾਲ ਹੀ ਇਸ ਰੂਟ ਰਾਹੀਂ ਕਾਰਾਂ ਦੀ ਆਵਾਜਾਈ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਤਰਕ ਸੀ ਕਿ ਕਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੇਕਰ ਰਸਤਾ ਦਿੱਤਾ ਗਿਆ ਤਾਂ ਸਾਰਾ ਦਿਨ ਜਾਮ ਲੱਗੇਗਾ।
ਮੀਟਿੰਗ ਤੋਂ ਬਾਹਰ ਆਏ ਅੰਦੋਲਨਕਾਰੀ ਕਿਸਾਨਾਂ ਨੇ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਕਿਸਾਨਾਂ ਨੇ ਕਿਹਾ ਕਿ ਹਰਿਆਣਾ ਅਤੇ ਦਿੱਲੀ ਪੁਲਿਸ ਵੱਖੋ-ਵੱਖਰੀਆਂ ਰਣਨੀਤੀਆਂ ਬਣਾ ਰਹੀ ਹੈ। ਦਿੱਲੀ ਪੁਲਿਸ ਸਿਰਫ਼ ਦਿੱਲੀ ਤੋਂ ਹਰਿਆਣਾ ਆਉਣ ਵਾਲਿਆਂ ਲਈ ਹੀ ਖੋਲ੍ਹਣ ਦੀ ਗੱਲ ਕਰ ਰਹੀ ਹੈ, ਜਦਕਿ ਹਰਿਆਣਾ ਪ੍ਰਸ਼ਾਸਨ ਨੇ ਦੋਵੇਂ ਪਾਸੇ ਰਸਤੇ ਖੋਲ੍ਹਣ ਦੀ ਗੱਲ ਕੀਤੀ ਹੈ।
ਇਹ ਵੀ ਪੜੋ: ਮੋਦੀ ਰਾਜ 'ਚ ਵਧੇ ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ, ਮਹਾਰਾਸ਼ਟਰ ਅੱਵਲ
ਹੁਣ ਇਸ ਮਾਮਲੇ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ 6 ਨਵੰਬਰ ਨੂੰ ਮੀਟਿੰਗ ਸੱਦ ਲਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 6 ਨਵੰਬਰ ਨੂੰ ਮੀਟਿੰਗ ਤੋਂ ਬਾਅਦ ਕਿਸਾਨ ਫੈਸਲਾ ਕਰਨਗੇ ਕਿ ਰਸਤਾ ਖੋਲ੍ਹਣ ਬਾਰੇ ਕੀ ਯੋਜਨਾ ਹੈ। ਦੂਜੇ ਪਾਸੇ ਡੀਸੀ ਸ਼ਿਆਮਲ ਪੂਨੀਆ ਦਾ ਕਹਿਣਾ ਹੈ ਕਿ ਸਾਰੀਆਂ ਗੱਲਾਂ 'ਤੇ ਸਹਿਮਤੀ ਨਹੀਂ ਬਣੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਸ਼ਨੀਵਾਰ ਨੂੰ ਸਵੇਰੇ 10.30 ਵਜੇ ਟਿੱਕਰੀ ਬਾਰਡਰ (Tikri border) 'ਤੇ ਕਿਸਾਨਾਂ ਨਾਲ ਦੁਬਾਰਾ ਗੱਲਬਾਤ ਕਰੇਗਾ।
ਬੀਤੇ ਦਿਨ ਹਟਾਏ ਸਨ ਬੈਰੀਕੇਟ
ਦੱਸ ਦਈਏ ਕਿ ਦਿੱਲੀ ਪੁਲਿਸ ਨੇ ਬੀਤੇ ਦਿਨ ਟਿੱਕਰੀ ਸਰਹੱਦ (Tikri border) ਦੇ ਜੋ ਰਸਤੇ ਬੰਦ ਕੀਤੇ ਸਨ ਉਹਨਾਂ ਨੂੰ ਖੋਲ੍ਹ ਦਿੱਤਾ ਹੈ ਜਿਸ ਤੋਂ ਮਗਰੋਂ ਪੁਲਿਸ ਨੇ ਰਸਤਾ ਖੋਲ੍ਹਣ ਦਾ ਫੈਸਲਾ ਕੀਤਾ ਸੀ, ਪਰ ਕਿਸਾਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ।