ਨਵੀਂ ਦਿੱਲੀ: ਦਿੱਲੀ ਦੇ ਮਹਿੰਦਰਾ ਪਾਰਕ ਥਾਣਾ ਖੇਤਰ ਦੇ ਜਹਾਂਗੀਰਪੁਰੀ 'ਚ ਇਕ ਵਾਰ ਫਿਰ ਪੱਥਰਬਾਜ਼ੀ ਦੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਜੇ ਬਲਾਕ ਵਿੱਚ ਪੱਥਰਬਾਜ਼ਾਂ ਨੇ ਕਈ ਵਾਹਨਾਂ ਦੀ ਭੰਨਤੋੜ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ ਅਤੇ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਹੋਰ ਮੁਲਜ਼ਮਾਂ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ।

ਦਿੱਲੀ ਦੇ ਮਹਿੰਦਰਾ ਪਾਰਕ ਥਾਣਾ ਖੇਤਰ ਦੇ ਜਹਾਂਗੀਰਪੁਰੀ 'ਚ ਬੀਤੀ ਰਾਤ ਕਾਫੀ ਹੰਗਾਮਾ ਹੋਇਆ ਅਤੇ ਪੱਥਰਬਾਜ਼ੀ ਹੋਈ। ਰਾਤ ਕਰੀਬ 11 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ ਚੱਲ ਰਹੀ ਹੈ। ਜਦੋਂ ਤੱਕ ਪੁਲੀਸ ਟੀਮ ਮੌਕੇ ’ਤੇ ਪੁੱਜੀ, ਉਦੋਂ ਤੱਕ ਪੱਥਰਬਾਜ਼ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਪੁੱਛਗਿੱਛ ਅਤੇ ਜਾਂਚ ਦੌਰਾਨ ਪਤਾ ਲੱਗਾ ਕਿ ਜ਼ਹੀਰ ਆਪਣੇ ਇਕ ਦੋਸਤ ਨਾਲ ਮਿਲ ਕੇ ਜਹਾਂਗੀਰਪੁਰੀ ਇਲਾਕੇ ਦੇ ਆਈ ਬਲਾਕ 'ਚ ਸਮੀਰ ਅਤੇ ਸ਼ੋਏਬ ਨੂੰ ਲੱਭ ਰਿਹਾ ਸੀ। ਦਰਅਸਲ ਦੋ-ਤਿੰਨ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਦੋਵਾਂ ਨੇ ਹੰਗਾਮਾ ਮਚਾਉਂਦੇ ਹੋਏ ਇਲਾਕੇ 'ਚ ਘੁੰਮਦੇ ਹੋਏ ਸ਼ਰਾਬ ਪੀਤੀ ਹੋਈ ਸੀ ਅਤੇ ਕਾਫੀ ਦੇਰ ਤੱਕ ਉਨ੍ਹਾਂ ਨੂੰ ਇਲਾਕੇ 'ਚ ਕੋਈ ਨਾ ਮਿਲਣ 'ਤੇ ਬਦਮਾਸ਼ਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਜਿਸ ਵਿੱਚ ਤਿੰਨ ਵਾਹਨਾਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ।
ਪੁਲਿਸ ਇਸ ਪੂਰੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਫਿਰਕੂ ਦੰਗੇ ਹੋਣ ਤੋਂ ਇਨਕਾਰ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਪਥਰਾਅ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਅਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵਿਸ਼ਾਲ ਅਤੇ ਵੀਰੂ ਨਾਮਕ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ, ਕਈ ਹੋਰ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪਥਰਾਅ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ਤੋਂ ਵੀ ਲੋਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਸੰਭਵ ਹੈ ਕਿ ਪੁਲਿਸ ਜਾਂਚ ਵਿੱਚ ਹੋਰ ਲੋਕ ਵੀ ਫੜੇ ਜਾਣ। ਹੁਣ ਤੱਕ ਇਸ ਪੂਰੇ ਮਾਮਲੇ ਵਿੱਚ ਜੋ ਪਹਿਲਾ ਨਾਮ ਆਇਆ ਹੈ, ਜ਼ਹੀਰ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : BJYM ਨੇਤਾ 'ਲਾਲਾ' ਨਫਰਤ ਫੈਲਾਉਣ ਦੇ ਦੋਸ਼ 'ਚ ਗ੍ਰਿਫਤਾਰ, ਭੜਕਾਊ ਪੋਸਟਾਂ ਪਾਉਣ 'ਤੇ ਕਾਰਵਾਈ