ਤਿਰੂਪੱਤੂਰ (ਤਾਮਿਲਨਾਡੂ) : ਤਾਮਿਲਨਾਡੂ ਦੇ ਤਿਰੂਪੱਤੂਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਸਾੜੀਆਂ ਵੰਡਣ ਦੇ ਟੋਕਨ ਵੰਡ ਸਮਾਗਮ 'ਚ ਮਚੀ ਭਗਦੜ ਦੌਰਾਨ 4 ਔਰਤਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਥਾਈਪੁਸਮ ਤਿਉਹਾਰ ਦੇ ਮੌਕੇ 'ਤੇ ਇੱਕ ਕਾਰੋਬਾਰੀ ਦੁਆਰਾ ਮੁਫਤ ਸਾੜੀਆਂ ਪ੍ਰਦਾਨ ਕਰਨ ਲਈ ਸਮਾਗਮ ਕਰਵਾਇਆ ਗਿਆ ਸੀ। ਮੁੱਢਲੀ ਜਾਣਕਾਰੀ ਅਨੁਸਾਰ ਤਿਰੂਪੱਤੂਰ ਜ਼ਿਲ੍ਹੇ ਦੇ ਵਾਨਿਆਮਬਦੀ ਇਲਾਕੇ ਵਿੱਚ ਸੈਂਕੜੇ ਔਰਤਾਂ ਸਾੜੀਆਂ ਲੈਣ ਲਈ ਇਕੱਠੀਆਂ ਹੋਈਆਂ ਸਨ।
ਇਸ ਦੌਰਾਨ ਔਰਤਾਂ ਟੋਕਨ ਲੈਣ ਲਈ ਆ ਗਈਆਂ, ਜਿਸ ਕਾਰਨ ਭਗਦੜ ਮੱਚ ਗਈ। ਇਸ ਕਾਰਨ ਚਾਰ ਔਰਤਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਇਕ ਦਰਜਨ ਜ਼ਖਮੀਆਂ ਨੂੰ ਵਾਨਿਆਮਬਦੀ ਦੇ ਸਰਕਾਰੀ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਮੁੱਖ ਮੰਤਰੀ ਵੱਲੋਂ 2-2 ਲੱਖ ਰੁਪਏ ਦੀ ਮਦਦ ਦਾ ਐਲਾਨ: ਹਾਦਸੇ ਦੌਰਾਨ ਜਾਨ ਗੁਆਉਣ ਵਾਲੀਆਂ ਔਰਤਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਐਮਕੇ ਸਟਾਲਿਨ ਨੇ 2-2 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜ਼ਿਲ੍ਹੇ ਦੇ SP ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ। ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਐੱਸਪੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਸਾੜੀ ਵੰਡ ਸਮਾਗਮ ਦੀ ਕੋਈ ਵੀ ਮਨਜ਼ੂਰੀ ਨਹੀਂ ਸੀ ਦਿੱਤੀ ਗਈ ਫਿਰ ਵੀ ਜਾਂਚ ਕਰ ਕੇ ਜ਼ਿੰਮੇਦਾਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: Kila Raipur Sports Fair: ਨੌਜਵਾਨਾਂ ਨੂੰ ਮਾਤ ਪਾ ਰਹੇ ਨੇ ਇਹ ਬਜ਼ੁਰਗ, ਬਾਬਿਆਂ ਦਾ ਜੁੱਸਾ ਦੇਖ ਹੋ ਜਾਓਗੇ ਹੈਰਾਨ...
ਕੀ ਹੈ ਥਾਈਪੁਸਮ ਤਿਉਹਾਰ ?: ਤਮਿਲ ਭਾਈਚਾਰਾ ਥਾਈਪੁਸਮ ਮਨਾਉਂਦਾ ਹੈ। ਇਹ ਭਗਵਾਨ ਮੁਰੂਗਨ ਦਾ ਜਨਮਦਿਨ ਹੈ। ਭਗਵਾਨ ਮੁਰੂਗਨ ਕਾਰਤੀਕੇਯ ਹੈ, ਜੋ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦਾ ਛੋਟਾ ਪੁੱਤਰ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਪਾਰਵਤੀ ਨੇ ਭਗਵਾਨ ਮੁਰੂਗਨ ਨੂੰ ਤਾਰਕਾਸੁਰ ਨਾਮਕ ਇੱਕ ਰਾਖਸ਼ ਅਤੇ ਉਸਦੀ ਸੈਨਾ ਨੂੰ ਮਾਰਨ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਭਗਵਾਨ ਕਾਰਤੀਕੇਯ ਨੇ ਤਾਰਕਾਸੁਰ ਨੂੰ ਮਾਰ ਦਿੱਤਾ। ਥਾਈਪੁਸਮ ਦਾ ਤਿਉਹਾਰ ਇਸ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ।