ਸਿਰਸਾ: ਸਿਰਸਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਦੀ ਗੱਡੀ ’ਤੇ ਹਮਲਾ (Deputy Speaker Ranbir Gangwa Car Attack) ਕਰਨ ਦੇ ਇਲਜ਼ਾਮ ਵਿੱਚ 100 ਤੋਂ ਵੱਧ ਕਿਸਾਨਾਂ’ ਤੇ ਦੇਸ਼ ਧ੍ਰੋਹ ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਹੁਣ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਇਸ ਮਾਮਲੇ ਵਿੱਚ ਆਹਮੋ ਸਾਹਮਣੇ ਹੋ ਗਏ ਹਨ। ਇਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਮਹਾਂ ਪੰਚਾਇਤ ਦਾ ਐਲਾਨ ਕੀਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ, ਪੁਲਿਸ ਨੇ ਸਖਤੀ ਨਾਲ ਨਜਿੱਠਣ ਦੀ ਗੱਲ ਆਖੀ ਹੈ।
ਡਿਪਟੀ ਸਪੀਕਰ ਰਣਬੀਰ ਗੰਗਵਾ (Ranbir Gangwa Car Attack) ਦੀ ਗੱਡੀ ’ਤੇ ਹਮਲੇ ਦੇ ਮਾਮਲੇ ਚ ਦੋ ਨਾਮਜ਼ਦ ਅਤੇ ਕਰੀਬ 100 ਕਿਸਾਨਾਂ ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਚ ਪੰਜ ਕਿਸਾਨਾਂ ਦੀ ਵੀਡੀਓਗ੍ਰਾਫੀ ਦੇ ਆਧਾਰ ’ਤੇ ਗ੍ਰਿਫਤਾਰੀ ਹੋਈ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਐਸਪੀ ਡਾ. ਅਰਪਿਤ ਜੈਨ ਨੇ ਕਿਹਾ ਕਿ ਡਿਪਟੀ ਸਪੀਕਰ ਦੀ ਗੱਡੀ ‘ਤੇ ਹੋਏ ਹਮਲੇ ਦੇ ਸਬੰਧ ਵਿੱਚ 90 ਤੋਂ 100 ਕਿਸਾਨਾਂ‘ ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਵਿੱਚ ਦੇਸ਼ਧ੍ਰੋਹ ਦਾ ਕੇਸ ਵੀ ਸ਼ਾਮਲ ਹੈ। ਫਿਲਹਾਲ ਇਸ ਮਾਮਲੇ ਵਿੱਚ 5 ਕਿਸਾਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਅਤੇ ਬਾਕੀ ਕਿਸਾਨਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਐਸਪੀ ਨੇ ਸਾਫ ਕੀਤਾ ਹੈ ਕਿ ਬੇਸ਼ਕ ਕਿਸਾਨ ਗ੍ਰਿਫਤਾਰੀ ਨੂੰ ਰੋਕਣ ਦੀ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰੇ, ਪਰ ਨਿਸ਼ਚਿਤ ਤੌਰ ਤੇ ਇਸ ਮਾਮਲੇ ਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਿਰਸਾ ਪੁਲਿਸ ਦੇ ਸਾਰੇ ਡੀਐਸਪੀ, ਥਾਣਾ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਚ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਕਰਨ।
ਉੱਥੇ ਹੀ ਐਸਪੀ ਡਾ. ਅਰਪਿਤ ਜੈਨ ਨੇ ਇਹ ਵੀ ਕਿਹਾ ਕਿ 17 ਜੁਲਾਈ ਨੂੰ ਕਿਸਾਨਾਂ ਵੱਲੋਂ ਸਿਰਸਾ ਐਸਪੀ ਕਾਰਜਕਾਲ ਦਾ ਘੇਰਾਓ ਕਰਨ ਦੇ ਐਲਾਨ ਤੇ ਸਿਰਸਾ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ 17 ਜੁਲਾਈ ਨੂੰ ਐਸਪੀ ਦਫਤਰ ਦੇ ਬਾਹਰ ਬੈਰੀਕੇਡਿੰਗ ਕੀਤੀ ਜਾਵੇਗੀ ਅਤੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾਣਗੇ।
ਦੱਸ ਦਈਏ ਕਿ ਐਤਵਾਰ ਨੂੰ ਸਿਰਸਾ ਚ ਚੌਧਰੀ ਦੇਵੀਲਾਲ ਯੂਨੀਵਰਸਿਟੀ ਚ ਭਾਜਪਾ ਦਾ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਚ ਡਿਪਟੀ ਸਪੀਕਰ ਰਣਬੀਰ ਗੰਗਵਾ ਸਣੇ ਹੋਰ ਨੇਤਾ ਸ਼ਾਮਲ ਹੋਏ। ਉੱਥੇ ਹੀ ਪ੍ਰੋਗਰਾਮ ਤੋਂ ਬਾਅਦ ਜਦੋ ਡਿਪਟੀ ਸਪੀਕਰ ਅਤੇ ਹੋਰ ਨੇਤਾ ਵਾਪਸ ਆ ਰਹੇ ਸੀ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਕਾਫਿਲਾ ਰੋਕ ਲਿਆ ਅਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਡਿਪਟੀ ਸਪੀਕਰ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਪੁਲਿਸ ’ਤੇ ਵੀ ਪਥਰਾਅ ਕੀਤਾ।
ਇਹ ਵੀ ਪੜੋ: 100 ਤੋਂ ਵੱਧ ਕਿਸਾਨਾਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ
ਕਿਸੇ ਤਰ੍ਹਾਂ ਪੁਲਿਸ ਨੇ ਡਿਪਟੀ ਸਪੀਕਰ ਦੇ ਕਾਫਿਲੇ ਨੂੰ ਕਿਸਾਨਾਂ ਦੇ ਵਿਰੋਧ ਦੇ ਵਿਚੋਂ ਕੱਢਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਕਿਸਾਨਾਂ ਨੇ ਚੌਧਰੀ ਦੇਵੀਲਾਲ ਯੂਨੀਵਰਸਿਟੀ ਚ ਹੀ ਸਿਰਸਾ ਤੋਂ ਸਾਂਸਦ ਸੁਨੀਤਾ ਦੁੱਗਲ ਅਤੇ ਜਿਲ੍ਹਾ ਪ੍ਰਧਾਨ ਆਦਿੱਤਿਆ ਦੇਵੀ ਲਾਲ ਦਾ ਵੀ ਵਿਰੋਧ ਕੀਤਾ ਸੀ। ਕੁਝ ਕਿਸਾਨ ਕਾਲੇ ਝੰਡੇ ਲੈ ਕੇ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਯੂਨੀਵਰਸਿਟੀ ਚ ਵੜ੍ਹ ਗਏ ਸੀ ਪਰ ਉੱਥੇ ਮੌਜੂਦ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਚ ਲੈ ਲਿਆ ਸੀ।