ਰਾਏਪੁਰ: ਸਿੱਖ ਭਾਵੇਂ ਪੂਰੇ ਸੰਸਾਰ ’ਚ ਸਿਰਫ਼ 2 ਫੀਸਦ ਹੀ ਹਨ ਪਰ ਅੱਜ ਪੂਰੇ ਸੰਸਾਰ ’ਚ ਇਹਨਾਂ ਨੇ ਆਪਣੇ ਕੰਮਾਂ ਸਦਕਾ ਵੱਖਰੀ ਹੀ ਪਛਾਣ ਬਣਾਈ ਹੋਈ ਹੈ। ਸਾਡੇ ਗੁਰੂਆਂ ਨੇ ਕੁਰਬਾਨੀਆਂ ਦੇ ਸਾਨੂੰ ਦਸਤਾਰ ਬਖ਼ਸ਼ੀ ਹੈ ਤੇ ਅੱਜ ਸਿਰ ’ਤੇ ਬੰਨ੍ਹੀ ਦਸਤਾਰ ਨੂੰ ਹਰ ਪਾਸੇ ਸਲਾਮਾ ਹੋ ਰਹੀਆਂ ਹਨ। ਅਜਿਹੀ ਹੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ ਜਿਥੇ ਛੱਤੀਸਗੜ੍ਹ ਵਿੱਚ ਨਕਸਲਵਾਦੀ ਹਮਲੇ ਵਿਚਾਲੇ ਇੱਕ ਸਿੱਖ ਜਵਾਨ ਨੇ ਮਿਸਾਲ ਕਾਇਮ ਕੀਤੀ ਹੈ, ਕਾਂਸਟੇਬਲ ਬਲਰਾਜ ਸਿੰਘ ਨੇ ਖੁਦ ਨੂੰ ਗੋਲੀ ਲੱਗਣ ਦੇ ਬਾਵਜੂਦ ਆਪਣੇ ਜ਼ਖ਼ਮੀ ਸਾਥੀ ਨੂੰ ਬਚਾਉਣ ਲਈ ਆਪਣੀ ਪੱਗ ਲਾਹ ਕੇ ਉਸ ਦੇ ਜ਼ਖ਼ਮਾਂ ‘ਤੇ ਬੰਨ੍ਹੀ। ਇਸ ਦੀ ਜਾਣਕਾਰੀ ਸੋਮਵਾਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਆਰ.ਕੇ ਵਿਜ ਵੱਲੋਂ ਦਿੱਤੀ ਗਈ ਹੈ।
ਇਹ ਵੀ ਪੜੋ: ਪੰਜਾਬ ’ਚ ਨਹੀਂ ਲੱਗੇਗਾ ਲਾਕਡਾਊਨ: ਸਿਹਤ ਮੰਤਰੀ
ਬੀਜਾਪੁਰ ਵਿੱਚ ਹੋਏ ਨਕਸਲਵਾਦੀ ਹਮਲੇ ’ਚ 22 ਜਵਾਨ ਸ਼ਹੀਦ ਹੋ ਗਏ ਹਨ। ਇਸ ਮੁਕਾਬਲੇ ’ਚ ਜਵਾਨਾਂ ਨੇ ਜ਼ਬਰਦਸਤ ਲੜਾਈ ਲੜੀ ਹੈ, ਜਦੋਂ ਕਿ ਕੁਝ ਜ਼ਖਮੀ ਸੈਨਿਕਾਂ ਦਾ ਇਲਾਜ ਰਾਏਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ, ਈਟੀਵੀ ਭਾਰਤ ਨੇ ਮੁਕਾਬਲੇ ਵਿੱਚ ਸ਼ਾਮਲ ਜ਼ਖ਼ਮੀ ਫੌਜੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਕੋਬਰਾ ਬਟਾਲੀਅਨ ਦੇ ਕਾਂਸਟੇਬਲ ਬਲਰਾਜ ਸਿੰਘ ਨੇ ਦੱਸਿਆ ਕਿ ਨਕਸਲੀਆਂ ਨੇ ਤਾਬੜ-ਤੋੜ ਬੰਬ ਸੁੱਟੇ ਤੇ ਅੰਨ੍ਹੇ ਵਾਹ ਫਾਇਰਿੰਗ ਕੀਤੀ ਗਈ ਸੀ ਅਤੇ ਜਵਾਬੀ ਫਾਇਰਿੰਗ ਕਰਦਿਆਂ ਅਸੀਂ ਨਕਸਲੀਆਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ। ਜਵਾਨ ਨੇ ਦੱਸਿਆ ਕਿ ਨਕਸਲੀਆਂ ਦੀ ਇੱਕ ਪੂਰੀ ਬਟਾਲੀਅਨ ਸੀ ਅਤੇ ਉਹ ਸਥਾਨਕ ਲੋਕਾਂ ਦੇ ਨਾਲ ਸਨ, ਜਿਥੇ 300 ਤੋਂ 400 ਨਕਸਲੀ ਮੌਜੂਦ ਸਨ।
ਇਹ ਵੀ ਪੜੋ: ਪੰਜਾਬ 'ਚ ਕੋਰੋਨਾ ਕਾਰਨ ਪਰਵਾਸੀ ਮਜ਼ਦੂਰਾਂ ਨੇ ਮੁੜ ਘਰਾਂ ਨੂੰ ਪਾਏ ਚਾਲੇ
ਸੋ ਅੱਜ ਸਿੱਖਾਂ ਦੀ ਦਸਤਾਰ ਨੂੰ ਹਰ ਪਾਸੇ ਸਲਾਮਾ ਹੋ ਰਹੀਆਂ ਹਨ ਤੇ ਇਸ ਦਸਤਾਰ ਸਦਕਾ ਸਿੱਖਾਂ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਵੀ ਬਚਾਈ ਹੈ। ਸੋ ਲੋੜ ਹੈ ਅੱਜ ਇਸ ਦਸਤਾਰ ਨੂੰ ਬਚਾਉਣ ਦੀ ਤੇ ਸਿੱਖ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਣ ਦੀ ਤਾਂ ਜੋ ਸਿੱਖ ਇਤਿਹਾਸ ਬਾਰੇ ਆਉਣ ਵਾਲੀਆਂ ਪੀੜੀਆਂ ਜਾਣੂ ਹੋ ਸਕਣ।