ਚੰਡੀਗੜ੍ਹ: ਪੰਜਾਬ ਸਰਕਾਰ ਨੇ ਮੇਲਾ ਮਾਘੀ ਮੌਕੇ 14 ਜਨਵਰੀ, 2025 (ਮੰਗਲਵਾਰ) ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਐਲਾਨੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਇਸ ਵਾਰ ਮਾਘੀ ਮੇਲਾ ਸਿਆਸੀ ਕਾਨਫਰੰਸਾਂ ਨੂੰ ਲੈਕੇ ਪਹਿਲਾਂ ਹੀ ਸੁਰਖੀਆਂ ਵਿੱਚ ਹੈ।
ਮਾਘੀ ਮੇਲੇ ਦਾ, ਇਤਿਹਾਸ
ਸਿੱਖ ਧਰਮ ਵਿੱਚ, ਸ੍ਰੀ ਮੁਕਤਸਰ ਸਾਹਿਬ, ਜਿਸਦਾ ਪ੍ਰਾਚੀਨ ਨਾਮ ਖਿਦਰਾਣੇ ਦੀ ਢਾਬ ਸੀ, ਗੁਰੂ ਅਤੇ ਸਿੱਖ ਵਿਚਕਾਰ ਅਟੁੱਟ ਅਤੇ ਸਮਰਪਿਤ ਰਿਸ਼ਤੇ ਦੀ ਕਹਾਣੀ ਦਾ ਪ੍ਰਤੀਕ ਹੈ। ਚਾਲੀ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਲੱਗਣ ਵਾਲਾ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹ ਉਹ ਪਵਿੱਤਰ ਅਸਥਾਨ ਹੈ ਜਿਥੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 40 ਸਿੰਘਾਂ ਦੀ ਟੁੱਟੀ ਗੰਢੀ ਸੀ ਅਤੇ ਸਿੰਘਾਂ ਵੱਲੋਂ ਦਿੱਤੇ ਬੇਦਾਵੇ ਨੂੰ ਪਾੜਿਆ ਸੀ। ਇਸ ਜਗ੍ਹਾ ਸ਼ਹੀਦ ਹੋਏ 40 ਸਿੰਘਾਂ ਨੂੰ ਮੁਕਤੀ ਦਿੱਤੀ ਸੀ।
ਪੰਜਾਬ ਦੇ ਲੋਕਾਂ ਦੀ ਖਿੱਚ ਦਾ ਕੇਂਦਰ 'ਮੁਕਤਸਰ ਦੀ ਮਾਘੀ'
'ਮੁਕਤਸਰ ਦੀ ਮਾਘੀ' ਪੁਰਾਣੇ ਸਮੇਂ ਤੋਂ ਹੀ ਪੰਜਾਬ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ ਹੈ। ਇਸ ਦੌਰਾਨ ਲੋਕ ਦਲਿੱਦਰ ਤੋਂ ਬਚਣ ਲਈ ਇਸ਼ਨਾਨ ਕਰਦੇ ਹਨ। ਪੋਹ ਦੇ ਮਹੀਨੇ ਕਾਫੀ ਠੰਢ ਹੁੰਦੀ ਹੈ ਅਤੇ ਮਾਘ ਦੇ ਮਹੀਨੇ ਠੰਢ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸ਼ਹੀਦਾਂ ਦੀ ਯਾਦ 'ਚ ਇੱਥੇ ਮਾਘ ਦੀ ਸੰਗਰਾਂਦ ਨੂੰ ਮਾਘੀ ਦਾ ਮੇਲਾ ਭਰਦਾ ਹੈ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ, ਜਿੱਥੇ ਸਰੋਵਰ 'ਚ ਇਸ਼ਨਾਨ ਕਰਕੇ ਆਤਮਿਕ ਆਨੰਦ ਪ੍ਰਾਪਤ ਕਰਦੀਆਂ ਹਨ, ਉੱਥੇ ਉਹ ਗੁਰਦੁਆਰਾ ਸ਼ਹੀਦ ਗੰਜ, ਟਿੱਬੀ ਸਾਹਿਬ ਅਤੇ ਤੰਬੂ ਸਾਹਿਬ ਆਦਿ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੀਆਂ ਹਨ।