ਅੰਮ੍ਰਿਤਸਰ: ਲੋਕ ਆਪਣਾ ਸੁਪਨਾ ਪੂਰਾ ਕਰਨ ਲਈ ਕੀ-ਕੀ ਨਹੀਂ ਕਰਦੇ, ਇਸ ਦੀ ਇੱਕ ਅਜਿਹੀ ਹੀ ਮਿਸਾਲ ਅੰਮ੍ਰਿਤਸਰ 'ਚ ਵੇਖਣ ਨੂੰ ਮਿਲੀ ਹੈ। ਜਿੱਥੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਟੂਰਨਾਮੈਂਟ ਖੇਡਣ ਲਈ ਖਿਡਾਰਣ ਨੂੰ ਪੈਸੇ ਜੋੜਣ ਵਾਸਤੇ ਚਾਹ ਦੀ ਰੇਹੜੀ ਲਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।ਇਸ ਖਿਡਾਰਣ ਦਾ ਨਾਮ ਪ੍ਰਨੀਤ ਕੌਰ ਹੈ। ਉੰਝ ਤਾਂ ਪ੍ਰਨੀਤ ਕੌਰ ਕਿਸੇ ਜਾਣ-ਪਛਾਣ ਦੀ ਮੁਹਤਾਜ਼ ਨਹੀਂ ਪਰ ਪੈਸਿਆਂ ਦੀ ਕਮੀ ਨੇ ਉਸ ਦੀ ਉਡਾਨ ਨੂੰ ਲਗਾਮ ਲਗਾ ਦਿੱਤੀ ਹੈ।
ਕਈ ਐਵਾਰਡ ਜਿੱਤੇ
ਤੁਾਹਨੂੰ ਦੱਸ ਦਈਏ ਕਿ ਪ੍ਰਨੀਤ ਕੌਰ ਕਿਸੇ ਇੱਕ ਖੇਡ ਦੀ ਮਾਹਿਰ ਨਹੀਂ ਬਲਕਿ ਉਸ ਨੇ ਤਲਵਾਰ ਬਾਜ਼ੀ ਅਤੇ ਮਾਰਸ਼ਲ ਆਰਟ 'ਚ ਬਹੁਤ ਸਾਰੇ ਇਨਾਮ ਜਿੱਤੇ ਹਨ। ਜਿਸ ਦੀ ਗਵਾਹੀ ਇਹ ਤਸਵੀਰਾਂ ਭਰ ਰਹੀਆਂ ਨੇ ਪਰ ਪੈਸੇ ਬਿਨਾ ਕਿਸੇ ਦਾ ਗੁਜ਼ਾਰਾ ਨਹੀਂ ਹੋ ਸਕਦਾ। ਪ੍ਰਨੀਤ ਨੇ ਆਪਣੀ ਕਹਾਣੀ ਦੱਸਦੇ ਹੋਏ ਆਖਿਆ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਜਿਨ੍ਹਾਂ ਦਿਨਾਂ 'ਚ ਉਸ ਨੂੰ ਆਪਣੀ ਖੇਡ ਵੱਲ ਧਿਆਨ ਦੇਣਾ ਚਾਹੀਦਾ ਹੈ ਉਨ੍ਹਾਂ ਦਿਨਾਂ 'ਚ ਉਸ ਨੂੰ ਸੜਕ ਕਿਨਾਰੇ ਰੇਹੜੀ ਲਗਾ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਕਿੱਥੋਂ ਸਿੱਖੀ ਕਲਾ?
ਜੇਕਰ ਪ੍ਰਨੀਤ ਕੌਰ ਦੇ ਕਲਾ ਸਿੱਖਣ ਦੀ ਗੱਲ ਕੀਤੀ ਜਾਵੇ ਤਾਂ ਮਾਰਸ਼ਲ ਆਰਟ ਅਤੇ ਤਲਵਾਰਬਾਜ਼ੀ ਦਾ ਹੁਨਰ ਪਿੰਡ ਘਰਿੰਡਾ ਦੇ ਸਕੂਲ ਤੋਂ ਸਿੱਖਿਆ। ਇਸੇ ਹੁਨਰ ਦੀ ਬਦੌਲਤ ਉਸ ਨੇ ਬਹੁਤ ਸਾਰੇ ਮੈਡਲ ਜਿੱਤੇ ਪਰ ਇਸ ਦੇ ਬਾਵਜੂਦ ਵੀ ਅੱਜ ਪ੍ਰਨੀਤ ਆਪਣਾ ਟੂਰਨਾਮੈਂਟ ਖੇਡਣ ਕਿਸੇ ਦੂਜੇ ਸੂਬੇ ਅਤੇ ਦੇਸ਼ ਤੋਂ ਬਾਹਰ ਨਹੀਂ ਜਾ ਸਕਦੀ। ਕਾਬਲੇਜ਼ਿਕਰ ਹੈ ਕਿ 17 ਜਨਵਰੀ ਨੂੰ ਪ੍ਰਨੀਤ ਕੌਰ ਨੇ ਗੁਲਮਾਰਗ ਜਾਣ ਹੈ। ਜਿੱਥੇ ਜਾਣ ਲਈ ਉਸ ਨੂੰ 17 ਤੋਂ 20 ਹਜ਼ਾਰ ਰੁਪਏ ਦੀ ਜ਼ਰੂਰਤ ਹੋਵੇਗੀ ਪਰ ਉਸ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਇੰਨੇ ਪੈਸੇ ਉਹ ਕਿਵੇਂ ਇਕੱਠੇ ਕਰੇਗੀ ਕਿਉਂਕਿ ਚਾਹ ਅਤੇ ਪਰਾਂਠੇ ਵੇਚ ਕਿ ਇੰਨੇ ਪੈਸੇ ਇਕੱਠੇ ਨਹੀਂ ਹੋ ਸਕਦੇ॥
ਸਰਕਾਰਾਂ ਨੂੰ ਅਪੀਲ਼
ਇੱਕ ਪਾਸੇ ਤਾਂ ਸਰਕਾਰਾਂ ਵੱਲੋਂ ਖਿਡਾਰੀਆਂ ਦੀ ਬਾਂਹ ਫੜਨ ਦੀ ਗੱਲ ਆਖੀ ਜਾਂਦੀ ਹੈ ਤਾਂ ਦੂਜੇ ਪਾਸੇ ਕੁੱਝ ਅਜਿਹੇ ਖਿਡਾਰੀ ਵੀ ਨੇ ਜਿੰਨ੍ਹਾਂ ਦੀ ਕਾਬਲਿਅਤ ਅਤੇ ਮਿਹਨਤ ਸਰਕਾਰਾਂ ਨਜ਼ਰ ਅੰਦਾਜ਼ ਵੀ ਕਰ ਦਿੰਦੀਆਂ ਹਨ। ਇਸੇ ਦੇ ਚੱਲਦੇ ਪ੍ਰਨੀਤ ਕੌਰ ਨੇ ਸਰਕਾਰ ਨੂੰ ਮਦਦ ਦੀ ਅਪੀ ਕੀਤੀ ਹੈ। ਹੁਣ ਵੇਖਣਾ ਹੋਵੇਗਾ ਕਿ ਪ੍ਰਨੀਤ ਦੀ ਆਵਾਜ਼ ਕਦੋਂ ਸਰਕਾਰਾਂ ਤੱਕ ਪਹੁੰਚੇਗੀ ਅਤੇ ਕਦੋਂ ਉਸ ਦੀ ਆਰਥਿਕ ਹਾਲਾਤ ਠੀਕ ਹੋਵੇਗੀ।