ਹੈਦਰਾਬਾਦ: ਸਨਾਤਨ ਧਰਮ ਵਿੱਚ ਪੂਰਨਿਮਾ ਤਰੀਕ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਰ ਮਹੀਨੇ ਪੂਰਨਿਮਾ ਤਰੀਕ ਇੱਕ ਵਾਰ ਆਉਦੀ ਹੈ। ਪੂਰਨਿਮਾ ਦੇ ਦਿਨ ਪੂਜਾ-ਪਾਠ, ਵਰਤ ਅਤੇ ਦਾਨ ਆਦਿ ਕਰਨਾ ਸ਼ੁੱਭ ਮੰਨਿਆਂ ਜਾਂਦਾ ਹੈ। ਸਾਲ ਦੀਆਂ ਸਾਰੀਆਂ 12 ਪੂਰਨਿਮਾ 'ਚ ਸ਼ਰਦ ਪੂਰਨਿਮਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਸ਼ਰਦ ਪੂਰਨਿਮਾ ਦਾ ਸਬੰਧ ਮਾਤਾ ਲਕਸ਼ਮੀ ਦੇ ਨਾਲ ਹੋਣ ਕਾਰਨ ਇਸ ਪੂਰਨਿਮਾ ਦਾ ਮਹੱਤਵ ਹੋਰ ਵਧ ਜਾਂਦਾ ਹੈ। ਅਸ਼ਵਿਨ ਮਹੀਨੇ ਦੀ ਪੂਰਨਿਮਾ ਤਰੀਕ ਨੂੰ ਸ਼ਰਦ ਪੂਰਨਿਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਸ਼ਰਦ ਪੂਰਨਿਮਾ ਦੇ ਤਿਓਹਾਰ ਨੂੰ ਆਮ ਲੋਕ ਬਹੁਤ ਖੁਸ਼ੀ ਨਾਲ ਮਨਾਉਦੇ ਹਨ। ਸ਼ਰਦ ਪੂਰਨਿਮਾ ਨੂੰ ਕੋਜਾਗਰੀ ਪੂਰਨਿਮਾ, ਸ਼ਾਰਦੋਤਸਵ, ਕਮਲਾ ਪੂਰਨਿਮਾ, ਰਾਸ ਪੂਰਨਿਮਾ, ਕੌਮੁਦੀ ਉਤਸਵ ਆਦਿ ਨਾਮਾਂ ਨਾਲ ਜਾਣਿਆ ਜਾਂਦਾ ਹੈ। ਧਰਮ ਸ਼ਾਸਤਰਾਂ ਅਨੁਸਾਰ, ਚੰਦਰਮਾਂ ਨੂੰ 16 ਕਲਾਵਾਂ ਦਾ ਮੰਨਿਆ ਜਾਂਦਾ ਹੈ। ਸ਼ਰਦ ਪੂਰਨਿਮਾ ਦੇ ਦਿਨ ਚੰਦਰਮਾਂ 16 ਕਲਾਵਾਂ ਨਾਲ ਭਰਪੂਰ ਹੁੰਦਾ ਹੈ। 16 ਕਲਾਵਾਂ ਨਾਲ ਭਰਪੂਰ ਚੰਦਰਮਾਂ ਦੀਆਂ ਕਿਰਨਾਂ ਰੋਗ ਅਤੇ ਦੁੱਖ ਦਾ ਇਲਾਜ ਕਰਨ ਵਾਲੀਆਂ ਹੁੰਦੀਆਂ ਹਨ। ਇਸ ਦਿਨ ਚੰਦਰਮਾਂ ਧਰਤੀ ਦੇ ਸਭ ਤੋਂ ਨਜ਼ਦੀਕ ਹੁੰਦਾ ਹੈ। ਇਸਦੇ ਨਾਲ ਹੀ ਉਹ ਵੱਡਾ ਦਿਖਾਈ ਦਿੰਦਾ ਹੈ।
ਸ਼ਰਦ ਪੂਰਨਿਮਾ ਦਾ ਮੁਹੂਰਤ ਅਤੇ ਮਹੱਤਵ: ਦ੍ਰਿਕ ਪੰਚਾਂਗ ਅਨੁਸਾਰ, ਇਸ ਸਾਲ ਪੂਰਨਿਮਾ ਤਰੀਕ 28 ਅਕਤੂਬਰ ਨੂੰ ਸਵੇਰੇ 4:17 ਵਜੇ ਤੋਂ ਸ਼ੁਰੂ ਹੋ ਕੇ 29 ਅਕਤੂਬਰ ਦੀ ਰਾਤ 1:53 ਤੱਕ ਰਹੇਗੀ। ਸ਼ਰਦ ਪੂਰਨਿਮਾ ਦੀ ਰਾਤ ਨੂੰ ਦੁੱਖ ਅਤੇ ਰੋਗਾਂ ਦਾ ਇਲਾਜ ਕਰਨ ਵਾਲੀ ਮੰਨਿਆ ਜਾਂਦਾ ਹੈ। ਇਸ ਦਿਨ ਮਾਤਾ ਲਕਸ਼ਮੀ ਅਤੇ ਭਗਵਾਨ ਵਿਸ਼ਣੂ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਲੋਕ ਆਪਣੇ ਘਰਾਂ 'ਚ ਸਤਿਆਨਾਰਾਇਣ ਭਗਵਾਨ ਦੀ ਪੂਜਾ ਅਤੇ ਵਰਤ ਕਰਦੇ ਹਨ। ਮੰਨਿਆਂ ਜਾਂਦਾ ਹੈ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਯਮੁਨਾ ਦੇ ਕਿਨਾਰੇ ਗੋਪੀਆਂ ਨਾਲ ਮਹਾਰਾਸ ਰਚਾਇਆ ਸੀ, ਜਿਸ ਕਾਰਨ ਇਸ ਦਿਨ ਰਾਸ ਤਿਓਹਾਰ ਵੀ ਮਨਾਇਆ ਜਾਂਦਾ ਹੈ ਅਤੇ ਲੋਕ ਰਾਤ ਦੀ ਚੌਕਸੀ ਕਰਕੇ ਭਗਵਾਨ ਦਾ ਕੀਰਤਨ ਕਰਦੇ ਹਨ। ਰਾਤ ਦੀ ਚੌਕਸੀ ਕਾਰਨ ਹੀ ਇਸ ਪੂਰਨਿਮਾ ਨੂੰ ਕੋਜਾਗਰੀ ਪੂਰਨਿਮਾ ਕਹਿੰਦੇ ਹਨ।
ਗ੍ਰਹਿਣ ਅਤੇ ਚੌਲ ਦੀ ਖੀਰ ਦਾ ਉਪਾਅ!: ਇਸ ਸਾਲ ਸ਼ਰਦ ਪੂਰਨਿਮਾ ਦੇ ਦਿਨ ਚੰਦਰ ਗ੍ਰਹਿਣ ਪੈਣ ਕਾਰਨ ਲਗਭਗ 10 ਘੰਟੇ ਪਹਿਲਾ ਹੀ ਸੂਤਕ ਲੱਗ ਜਾਵੇਗਾ, ਇਸ ਲਈ ਸਾਰੇ ਪੂਜਾ-ਪਾਠ ਦੁਪਹਿਰ 2:53 ਵਜੇ ਤੋਂ ਪਹਿਲਾ ਕਰ ਲਓ। ਇਸ ਲਈ ਜੋ ਵੀ ਵਿਅਕਤੀ ਮਾਤਾ ਲਕਸ਼ਮੀ ਦੀ ਪੂਜਾ ਕਰਨਾ ਚਾਹੁੰਦਾ ਹੈ, ਉਹ ਸੂਤਕ ਲੱਗਣ ਤੋਂ ਪਹਿਲਾ ਹੀ ਪੂਜਾ-ਪਾਠ ਕਰ ਲਵੇ। ਇਸਦੇ ਨਾਲ ਹੀ ਇਸ ਦਿਨ ਚੌਲ ਦੀ ਖੀਰ ਨੂੰ ਚੰਦਰਮਾਂ ਦੀ ਰੋਸ਼ਨੀ 'ਚ ਰੱਖਿਆਂ ਜਾਂਦਾ ਹੈ।