ਸ਼੍ਰੀਨਗਰ— ਵੱਖਵਾਦੀ ਨੇਤਾ ਯਾਸੀਨ ਮਲਿਕ ਦੇ ਘਰ ਦੇ ਬਾਹਰ ਦੇਸ਼ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ 'ਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਬੁੱਧਵਾਰ ਨੂੰ ਪਾਬੰਦੀਸ਼ੁਦਾ ਸੰਗਠਨ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀ ਯਾਸੀਨ ਮਲਿਕ ਨੂੰ ਵਿਸ਼ੇਸ਼ NIA ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਹੁਰੀਅਤ ਕਾਨਫਰੰਸ ਨੇ ਇਸ ਦੀ ਨਿੰਦਾ ਕੀਤੀ ਹੈ।
ਮੀਰਵਾਇਜ਼ ਉਮਰ ਫਾਰੂਕ ਦੀ ਅਗਵਾਈ ਵਾਲੀ ਹੁਰੀਅਤ ਕਾਨਫਰੰਸ ਨੇ ਬੁੱਧਵਾਰ ਨੂੰ ਦਿੱਲੀ ਦੀ ਇਕ ਅਦਾਲਤ ਵੱਲੋਂ ਵੱਖਵਾਦੀ ਨੇਤਾ ਮੁਹੰਮਦ ਯਾਸੀਨ ਮਲਿਕ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਦੀ ਨਿੰਦਾ ਕੀਤੀ।
ਹੁਰੀਅਤ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ''ਯਾਸੀਨ ਮਲਿਕ ਨੇ ਸੰਘਰਸ਼ ਨੂੰ ਸੁਲਝਾਉਣ ਲਈ 1994 ਤੋਂ ਸ਼ਾਂਤਮਈ ਅਤੇ ਲੋਕਤੰਤਰੀ ਤਰੀਕਾ ਅਪਣਾਇਆ। ਉਹ ਕਸ਼ਮੀਰ ਸਮੱਸਿਆ ਵਿੱਚ ਸ਼ਾਮਲ ਧਿਰਾਂ - ਜੰਮੂ-ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਗੱਲਬਾਤ ਅਤੇ ਸਮਝੌਤੇ ਦੇ ਪੱਖ ਵਿੱਚ ਹੈ। ਇਸ ਨੂੰ ਹੱਲ ਕਰਨ ਲਈ ਉਹ ਲਗਾਤਾਰ ਕੰਮ ਕਰ ਰਿਹਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਮਲਿਕ ਨੇ ਸਾਲ 2000 ਤੋਂ ਹੁਣ ਤੱਕ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿੱਚ ਵੱਖ-ਵੱਖ ਸਰਕਾਰਾਂ ਦੌਰਾਨ ਕਸ਼ਮੀਰ ਬਾਰੇ ਸਾਰੇ ਸਮਝੌਤਿਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਵੱਖਵਾਦੀ ਸੰਗਠਨ ਨੇ ਕਿਹਾ ਕਿ ਇਸ ਦੇ ਬਾਵਜੂਦ, ਉਸਨੂੰ ਗ੍ਰਿਫਤਾਰ ਕੀਤਾ ਗਿਆ, ਤਿਹਾੜ ਭੇਜਿਆ ਗਿਆ ਅਤੇ ਹੁਣ ਦਮਨਕਾਰੀ ਕਾਨੂੰਨਾਂ ਦੇ ਤਹਿਤ ਬਣਾਏ ਗਏ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ। ਉਸ ਨੂੰ ਜੰਮੂ-ਕਸ਼ਮੀਰ 'ਤੇ ਆਪਣੇ ਸਿਆਸੀ ਵਿਚਾਰਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ajmer dargah diwan on yasin malik: ਅਜਮੇਰ ਦਰਗਾਹ ਦੀਵਾਨ ਦਾ ਯਾਸੀਨ ਮਲਿਕ ਦੀ ਸਜ਼ਾ 'ਤੇ ਵੱਡਾ ਬਿਆਨ