ਰਾਜਸਥਾਨ/ਭਿਵਾੜੀ: ਜ਼ਿਲ੍ਹੇ ਦੇ ਭਿਵਾੜੀ 'ਚ ਸੋਮਵਾਰ ਨੂੰ ਦਿਨ ਦਿਹਾੜੇ ਲੁਟੇਰਿਆਂ ਨੇ ਇਕ ਬੈਂਕ ਨੂੰ ਲੁੱਟ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ 6 ਅਣਪਛਾਤੇ ਲੁਟੇਰਿਆਂ ਨੇ ਅੰਜ਼ਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਅਣਪਛਾਤੇ ਬਦਮਾਸ਼ਾਂ ਨੇ ਐਕਸਿਸ ਬੈਂਕ ਨੂੰ ਲੁੱਟ ਲਿਆ, ਅਲਵਰ ਦੇ ਰੀਕੋ ਚੌਂਕ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ 'ਚ ਲੁੱਟ ਦੀ ਵਾਰਦਾਤ ਹੋਈ, ਬਦਮਾਸ਼ ਬੈਂਕ 'ਚੋਂ ਕਰੀਬ 70 ਲੱਖ ਰੁਪਏ ਲੈ ਕੇ ਫਰਾਰ ਹੋ ਗਏ।
ਭਿਵਾੜੀ ਦੇ ਐਸਪੀ ਸ਼ਾਂਤਨੂ ਕੁਮਾਰ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ 6 ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨੇ ਰੀਕੋ ਚੌਕ ਸਥਿਤ ਐਕਸਿਸ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬੈਂਕ ਕਰਮਚਾਰੀ ਬੈਂਕ ਦੇ ਅੰਦਰ ਕੰਮ ਕਰ ਰਹੇ ਸਨ, ਜਦੋਂ ਅਚਾਨਕ ਹਥਿਆਰਾਂ ਨਾਲ ਲੈਸ 6 ਵਿਅਕਤੀ ਬੈਂਕ ਦੇ ਅੰਦਰ ਦਾਖਲ ਹੋਏ ਅਤੇ ਗੋਲੀਆਂ ਚਲਾ ਦਿੱਤੀਆਂ।
ਗੋਲੀਬਾਰੀ ਤੋਂ ਬਾਅਦ ਬੈਂਕ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਕਰੀਬ 70 ਲੱਖ ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ, ਸ਼ੁਕਰ ਹੈ ਕਿ ਕਿਸੇ ਨੂੰ ਗੋਲੀ ਨਹੀਂ ਲੱਗੀ।
ਪੜ੍ਹੋ-ਗ੍ਰਿਫਤਾਰ ਅੱਤਵਾਦੀ ਤਾਲਿਬ ਹੁਸੈਨ ਦੇ ਵੱਡੇ ਖੁਲਾਸੇ 'ਤੇ ਰਿਆਸੀ ਪੁਲਿਸ ਨੇ ਕੀਤੀ ਹੋਰ ਬਰਾਮਦਗੀ
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਭਿਵਾੜੀ ਪੁਲਿਸ ਮੌਕੇ 'ਤੇ ਪਹੁੰਚ ਗਈ, ਜਿਸ 'ਤੇ ਐਡੀਸ਼ਨਲ ਐੱਸਪੀ ਵਿਪਨ ਕੁਮਾਰ ਸ਼ਰਮਾ ਅਤੇ ਡੀਐੱਸਪੀ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਖੰਗਾਲਣ ਵਿੱਚ ਲੱਗੀ ਹੋਈ ਹੈ ਅਤੇ ਆਰੋਪੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ, ਦਿਨ-ਦਿਹਾੜੇ ਹੋਈ ਲੁੱਟ-ਖੋਹ ਦੀ ਘਟਨਾ ਕਾਰਨ ਭਿਵਾੜੀ ਅੰਦਰ ਦਹਿਸ਼ਤ ਦਾ ਮਾਹੌਲ ਹੈ।
ਐਡੀਸ਼ਨਲ ਐਸਪੀ ਵਿਪਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਬੈਂਕ ਮੁਲਾਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 70 ਲੱਖ ਰੁਪਏ ਦੀ ਲੁੱਟ ਹੋਈ ਹੈ, ਜਲਦ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।