ਸ਼ਿਮਲਾ/ਹਿਮਾਚਲ ਪ੍ਰਦੇਸ਼ : ਮੀਂਹ ਨੇ ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਮਚਾਈ ਹੋਈ ਹੈ। ਸੂਬੇ ਭਰ ਵਿੱਚ ਜ਼ਮੀਨ ਖਿਸਕਣ ਨਾਲ ਭਾਰੀ ਨੁਕਸਾਨ ਹੋ ਚੁੱਕਾ ਹੈ। ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਜ਼ਮੀਨ ਖਿਸਕਣ ਦੇ ਮਾਮਲੇ ਸਾਹਮਣੇ ਆਏ। ਜ਼ਮੀਨ ਖਿਸਕਣ ਕਾਰਨ ਵੱਡੀ ਤਬਾਹੀ ਹੋਈ, ਖਾਸ ਕਰਕੇ ਰਾਜਧਾਨੀ ਸ਼ਿਮਲਾ ਵਿੱਚ। ਸ਼ਿਮਲਾ ਦੇ ਸ਼ਿਵ ਮੰਦਰ 'ਚ ਜ਼ਮੀਨ ਖਿਸਕਣ ਕਾਰਨ ਕਈ ਲੋਕ ਮਲਬੇ ਹੇਠਾਂ ਦੱਬ ਗਏ। ਜ਼ਮੀਨ ਖਿਸਕਣ ਕਾਰਨ ਲਾਲ ਕੋਠੀ ਅਤੇ ਕ੍ਰਿਸ਼ਣਾ ਨਗਰ ਵਿੱਚ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਸਾਹਮਣੇ ਆਈਆਂ। ਇਸ ਤੋਂ ਇਲਾਵਾ ਅੱਜ ਸੂਬੇ ਭਰ ਦੇ ਸਾਰੇ ਸਕੂਲ ਅਤੇ ਕਾਲਜ ਵੀ ਬੰਦ ਰਹੇ।
ਤੀਜੇ ਦਿਨ ਵੀ ਰੈਸਕਿਊ ਆਪ੍ਰੇਸ਼ਨ ਜਾਰੀ: ਦੱਸ ਦਈਏ ਕਿ ਅੱਜ ਤੀਜੇ ਦਿਨ ਵੀ ਰਾਜਧਾਨੀ ਸ਼ਿਮਲਾ ਦੇ ਸਮਰਹਿਲ ਦੇ ਸ਼ਿਵ ਮੰਦਰ 'ਚ ਲਾਪਤਾ ਲੋਕਾਂ ਨੂੰ ਲੱਭਣ ਲਈ ਬੁੱਧਵਾਰ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ, ਖ਼ਬਰ ਲਿਖੇ ਜਾਣ ਤੱਕ ਕੋਈ ਵੀ ਲਾਸ਼ ਨਹੀਂ ਮਿਲੀ ਹੈ। ਅੱਜ ਬਚਾਅ ਕਾਰਜ ਕਰਦੇ ਹੋਏ, ਫੌਜ ਦੀ ਇੱਕ ਛੋਟੀ ਮਸ਼ੀਨ ਦੀ ਵੀ ਮਦਦ ਲਈ ਗਈ। ਸਵੇਰੇ 7:30 ਵਜੇ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਹੋਈ। ਦੱਸ ਦੇਈਏ ਕਿ ਇਸ ਦਰਦਨਾਕ ਘਟਨਾ ਵਿੱਚ ਹੁਣ ਤੱਕ 12 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਅਜੇ ਵੀ ਮਲਬੇ ਹੇਠਾਂ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ ਜਿਸ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਮੰਗਲਵਾਰ ਦੇਰ ਰਾਤ ਤੱਕ ਚੱਲਿਆ ਰੈਸਕਿਊ: ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੇਰ ਰਾਤ ਤੱਕ ਵੀ ਬਚਾਅ ਕਾਰਜ ਦਾ ਕੰਮ ਚੱਲਦਾ ਰਿਹਾ ਹੈ। ਰਾਤ ਹੋਣ ਉੱਤੇ ਰੈਸਕਿਊ ਆਪ੍ਰੇਸ਼ਨ ਬੰਦ ਕੀਤਾ ਗਿਆ। ਫਿਰ ਬੁੱਧਵਾਰ ਸਵੇਰ ਤੋਂ ਹੀ ਮੁੜ ਰੈਸਕਿਊ ਸ਼ੁਰੂ ਕੀਤਾ ਗਿਆ। ਮੰਗਲਵਾਰ ਨੂੰ ਮਲਬੇ ਹੇਠਾਂ ਤੋਂ 4 ਲਾਸ਼ਾਂ ਬਰਾਮਦ ਹੋਈਆਂ। ਇਨ੍ਹਾਂ ਚੋਂ ਇੱਕ ਐਚਪੀਯੂ ਦੀ ਅਸਿਸਟੈਂਟ ਪ੍ਰੋਫੈਸਰ ਡਾ. ਮਾਨਸੀ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਇਲਾਵਾ ਇਕ ਲਾਸ਼ ਟੁੱਕੜਿਆਂ ਵਿੱਚ ਮਿਲੀ ਜਿਸ ਦੀ ਪਛਾਣ ਅਜੇ ਤੱਕ ਨਹੀਂ ਹੋਈ। ਤੀਜੀ ਲਾਸ਼ ਐਚਪੀਯੂ ਦੇ ਪ੍ਰੋਫੈਸਰ ਪੀਐਲ ਸ਼ਰਮਾ ਦੀ ਪਤਨੀ ਚਿੱਤਰਲੇਖਾ ਦੀ ਸੀ, ਜਦਕਿ ਚੌਥੇ ਮ੍ਰਿਤਕ ਦੀ ਪਛਾਣ ਸੁਮਨ ਕਿਸ਼ੋਰ ਵਜੋਂ ਹੋਈ ਹੈ।
ਮਲਬੇ ਹੇਠਾਂ ਤੋਂ ਲੋਕਾਂ ਦੀ ਭਾਲ ਮੁਸ਼ਕਲ, ਸਥਾਨਕ ਲੋਕ ਵੀ ਰੈਸਕਿਊ 'ਚ ਜੁਟੇ: ਜਾਣਕਾਰੀ ਮੁਤਾਬਕ, ਮਲਬੇ ਹੇਠਾਂ ਦਬੇ ਲੋਕਾਂ ਦੀ ਭਾਲ ਕਰ ਰਹੇ ਜਵਾਨ ਹੁਣ ਸ਼ਿਵ ਮੰਦਿਰ ਤੋਂ ਲੈ ਕੇ ਹੇਠਾਂ ਇੱਕ ਕਿਲੋਮੀਟਰ ਤੱਕ ਨਾਲੇ ਵਿੱਚ ਲਾਸ਼ਾਂ ਦੀ ਤਲਾਸ਼ ਕਰ ਰਹੇ ਹਨ। ਇਨ੍ਹਾਂ ਚੋਂ ਕਈ ਹੋਰ ਲਾਸ਼ਾਂ ਬਰਾਮਦ ਹੋ ਸਕਦੀਆਂ ਹਨ। ਮੀਂਹ ਨਾ ਹੋਣ ਕਾਰਨ, ਜਲਦ ਰੈਸਕਿਊ ਪੂਰਾ ਹੋਣ ਦੀ ਸੰਭਾਵਨਾ ਹੈ। ਲਾਪਤਾ ਲੋਕਾਂ ਦੇ ਪਰਿਵਾਰ ਵਾਲੇ ਜਲਦ ਉਨ੍ਹਾਂ ਦੇ ਮਿਲ ਜਾਣ ਦੀ ਉਡੀਕ ਕਰ ਰਹੇ ਹਨ, ਪਰ ਮੰਦਿਰ ਕੋਲ ਮਲਬਾ ਜ਼ਿਆਦਾ ਹੋਣ ਕਰਕੇ ਤਲਾਸ਼ ਕਰਨੀ ਕਾਫੀ ਮੁਸ਼ਕਲ ਹੋ ਰਹੀ ਹੈ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਟੀਮ ਸਵੇਰੇ ਮੌਕੇ ਉੱਤੇ ਪਹੁੰਚ ਕੇ ਕੰਮ ਕਰ ਰਹੀ ਹੈ, ਉੱਥੇ ਹੀ ਸਥਾਨਕ ਲੋਕ ਵੀ ਰੈਸਕਿਊ ਕਰਨ ਵਿੱਚ ਮਦਦ ਕਰ ਰਹੀ ਹੈ।
ਸੋਮਵਾਰ ਤੇ ਮੰਗਲਵਾਰ ਨੂੰ ਵਾਪਰੇ ਹਾਦਸੇ: ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਸਮਰਹਿਲ ਵਿੱਚ ਸ਼ਿਵ ਬਾੜੀ ਮੰਦਿਰ ਉੱਤੇ ਸੋਮਵਾਰ ਨੂੰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਦੱਸ ਦਈਏ ਕਿ ਸ਼ਿਵ ਬਾੜੀ ਵਿੱਚ ਪਿਛਲੇ 2 ਦਿਨ ਤੋਂ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਜਦੋਂ ਇਹ ਹਾਦਸਾ ਵਾਪਰਿਆਂ, ਤਾਂ ਉਸ ਸਮੇਂ ਮੰਦਿਰ ਵਿੱਚ ਕਾਫੀ ਭੀੜ ਸੀ। ਕਈ ਜ਼ਿੰਦਗੀਆਂ ਮਿੰਟਾਂ ਵਿੱਚ ਮਲਬੇ ਹੇਠਾਂ ਦੱਬ ਗਈਆਂ।
ਉੱਥੇ ਹੀ, ਕ੍ਰਿਸ਼ਣਾ ਨਗਰ ਵਿੱਚ ਵੀ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਸਲਾਟਰ ਹਾਊਸ ਤਾਸ਼ ਦੇ ਪੱਤਿਆਂ ਵਾਂਗ ਖਿੰਡ ਕੇ ਢੇਰ ਹੋ ਗਿਆ। ਇਸ ਦੌਰਾਨ 5 ਤੋਂ ਵੱਧ ਹੋਰ ਮਕਾਨ ਵੀ ਇਸ ਦੀ ਚਪੇਟ ਵਿੱਚ ਆ ਗਏ। ਸਲਾਟਰ ਹਾਊਸ ਉੱਤੇ ਇੱਕ ਵੱਡਾ ਦਰਖ਼ਤ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ। ਇਹ ਸਲਾਟਰ ਹਾਊਸ ਸ਼ਿਮਲਾ ਨਗਰ ਨਿਗਮ ਦਾ ਸੀ। ਇਸ ਹਾਦਸੇ ਤੋਂ ਬਾਅਦ ਹੋਰ ਵੀ ਕਈ ਘਰਾਂ ਉੱਤੇ ਖਤਰਾਂ ਮੰਡਰਾ ਰਿਹਾ ਹੈ। ਦੇਰ ਰਾਤ ਕੀਤੇ ਰੈਸਕਿਊ ਦੌਰਾਨ ਇੱਥੋਂ 2 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ।