ਨਵੀਂ ਦਿੱਲੀ: ਰਾਜਸਥਾਨ ਸਰਕਾਰ ਦੇ ਮੰਤਰੀ ਡਾਕਟਰ ਮਹੇਸ਼ ਜੋਸ਼ੀ ਦੇ ਬੇਟੇ ਰੋਹਿਤ ਜੋਸ਼ੀ ਖ਼ਿਲਾਫ਼ ਦਿੱਲੀ ਪੁਲਿਸ ਨੇ ਸਦਰ ਬਾਜ਼ਾਰ ਥਾਣੇ ਵਿੱਚ ਬਲਾਤਕਾਰ ਦੀ ਐਫਆਈਆਰ ਦਰਜ ਕੀਤੀ ਹੈ। ਰੋਹਿਤ ਦੀ ਮਹਿਲਾ ਦੋਸਤ ਦੀ ਸ਼ਿਕਾਇਤ 'ਤੇ ਜ਼ੀਰੋ ਐਫਆਈਆਰ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਉਸ ਨੂੰ ਜੈਪੁਰ ਭੇਜ ਦਿੱਤਾ। ਅਗਲੇਰੀ ਜਾਂਚ ਜੈਪੁਰ ਪੁਲਿਸ ਹੀ ਕਰੇਗੀ।
ਜਾਣਕਾਰੀ ਮੁਤਾਬਿਕ ਦੋਸ਼ ਲਗਾਉਣ ਵਾਲੀ 24 ਸਾਲਾ ਲੜਕੀ ਜੈਪੁਰ ਦੀ ਰਹਿਣ ਵਾਲੀ ਹੈ। ਉਹ ਮੰਤਰੀ ਦੇ ਬੇਟੇ ਅਤੇ ਕਾਂਗਰਸੀ ਆਗੂ ਰੋਹਿਤ ਜੋਸ਼ੀ ਨੂੰ ਪਿਛਲ੍ਹੇ ਕੁਝ ਸਾਲਾਂ ਤੋਂ ਜਾਣਦੀ ਹੈ। ਸਦਰ ਬਾਜ਼ਾਰ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਨੇ ਰੋਹਿਤ ’ਤੇ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ।
ਲੜਕੀ ਦਾ ਦੋਸ਼ ਹੈ ਕਿ ਪਹਿਲਾਂ ਜੈਪੁਰ ਦੇ ਇਕ ਹੋਟਲ 'ਚ ਰੋਹਿਤ ਨੇ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕੀਤਾ। ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨਾਲ ਕਈ ਵਾਰ ਜ਼ਬਰਦਸਤੀ ਸਬੰਧ ਬਣਾਏ। ਉਹ ਉਸ ਨੂੰ ਦੇਹਰਾਦੂਨ ਲੈ ਗਿਆ ਅਤੇ ਉੱਥੇ ਵੀ ਉਸ ਨਾਲ ਬਲਾਤਕਾਰ ਕੀਤਾ।
ਲੜਕੀ ਦਾ ਦੋਸ਼ ਹੈ ਕਿ ਕੁਝ ਸਮਾਂ ਪਹਿਲਾਂ ਰੋਹਿਤ ਉਸ ਨੂੰ ਸਦਰ ਬਾਜ਼ਾਰ ਸਥਿਤ ਇਕ ਹੋਟਲ 'ਚ ਲੈ ਕੇ ਆਇਆ ਸੀ। ਇੱਥੇ ਰੋਹਿਤ ਨੇ ਉਸ ਨਾਲ ਬਲਾਤਕਾਰ ਕੀਤਾ।
ਲੜਕੀ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਫਿਲਹਾਲ ਜ਼ੀਰੋ ਐਫਆਈਆਰ ਦਰਜ ਕਰ ਲਈ ਹੈ। ਇਸ ਐਫਆਈਆਰ ਨਾਲ ਲੜਕੀ ਨੂੰ ਜੈਪੁਰ ਪੁਲਿਸ ਕੋਲ ਭੇਜ ਦਿੱਤਾ ਗਿਆ ਹੈ, ਜੋ ਅਗਲੀ ਕਾਨੂੰਨੀ ਕਾਰਵਾਈ ਪੂਰੀ ਕਰੇਗੀ। ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਸ਼ਿਕਾਇਤ 'ਤੇ ਹੀ ਐੱਫ.ਆਈ.ਆਰ ਦਰਜ ਕੀਤੀ ਹੈ, ਪਰ ਜਾਂਚ ਕਰਨਾ ਉਨ੍ਹਾਂ ਕੋਲ ਨਹੀਂ ਹੈ।
ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਲੜਕੀ ਦਾ ਇੱਕ ਹਲਫ਼ਨਾਮਾ ਸਾਹਮਣੇ ਆਇਆ ਹੈ। ਇਸ 'ਚ ਲੜਕੀ ਨੇ 2020 ਤੋਂ ਰੋਹਿਤ ਨੂੰ ਜਾਣਨ ਦੀ ਗੱਲ ਕਹੀ ਹੈ। ਉਸ ਨੇ ਲਿਖਿਆ ਹੈ ਕਿ ਰੋਹਿਤ ਇਕ ਬੱਚੀ ਦਾ ਪਿਤਾ ਹੈ ਅਤੇ ਉਸ ਦਾ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ।
ਉਹ ਇਸ ਗੱਲ ਤੋਂ ਜਾਣੂ ਹੈ, ਉਹ ਆਪਣੀ ਮਰਜ਼ੀ ਨਾਲ ਉਸ ਨਾਲ ਲਿਵ-ਇਨ ਵਿਚ ਰਹਿਣ ਜਾ ਰਹੀ ਹੈ। ਉਹ ਆਪਣੇ ਨਾਲ ਘਰੋਂ ਕੋਈ ਪੈਸਾ ਜਾਂ ਗਹਿਣਾ ਨਹੀਂ ਲਿਆਇਆ ਹੈ। ਜੇਕਰ ਦੋਵੇਂ ਇਸ ਲਿਵ-ਇਨ ਦੌਰਾਨ ਵੱਖ ਹੋ ਜਾਂਦੇ ਹਨ ਤਾਂ ਕੋਈ ਵੀ ਇਕ-ਦੂਜੇ ਖਿਲਾਫ ਸ਼ਿਕਾਇਤ ਨਹੀਂ ਕਰੇਗਾ। ਹਾਲਾਂਕਿ ਪੁਲਿਸ ਇਸ ਹਲਫ਼ਨਾਮੇ ਬਾਰੇ ਕੁਝ ਨਹੀਂ ਕਹਿ ਰਹੀ ਹੈ।