ਚੰਡੀਗੜ੍ਹ: ਦੇਸ਼ ਦੀ ਸੇਵਾ ਕਰਨ ਲਈ ਵਰਦੀ ਵਿੱਚ ਹੋਣਾ ਜ਼ਰੂਰੀ ਨਹੀਂ ਬਲਿਕ ਜ਼ਰੂਰੀ ਹੈ ਦੇਸ਼ ਨੂੰ ਪਿਆਰ ਕਰਨਾ । ਭਾਰਤ ਵਿੱਚ ਬਹੁਤ ਸਾਰੇ ਨਾਗਰਿਕ ਹਨ ਜਿਨ੍ਹਾਂ ਨੇ ਫ਼ੌਜ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਦੇਸ਼ ਦੀ ਰੱਖਿਆ ਕੀਤੀ। ਗੁਜਰਾਤ ਦੇ ਰਣਛੋਡ ਦਾਸ ਰਬਾਰੀ ਇੱਕ ਅਜਿਹੇ ਹੀ ਇੱਕ ਨਾਗਰਿਕ ਹਨ, ਜਿਨ੍ਹਾਂ ਦਾ ਦੇਸ਼ ਪ੍ਰਤੀ ਪਿਆਰ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਹੈ।
1965 ਅਤੇ 1971 ਦੀਆਂ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ
ਭਾਰਤ ਅਤੇ ਪਾਕਿਸਤਾਨ ਦਰਮਿਆਨ 1965 ਅਤੇ 1971 ਦੀਆਂ ਲੜਾਈਆਂ ਵਿੱਚ ਭਾਰਤੀ ਫੌਜ ਦੀ ਅਗਵਾਈ ਕਰਨ ਵਿੱਚ ਰਣਛੋਡ ਦਾਸ ਨੇ ਅਹਿਮ ਭੂਮਿਕਾ ਨਿਭਾਈ। ਰਣਛੋੜ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਭਾਰਤੀ ਫ਼ੌਜ ਨੂੰ ਇਸ ਦਾ ਫ਼ਾਇਦਾ ਹੋਇਆ। ਉਨ੍ਹਾਂ ਨੇ ਭਾਰਤੀ ਫੌਜ ਨੂੰ 1200 ਪਾਕਿਸਤਾਨੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਦਿੱਤੀ, ਜੋ ਕਿ ਭਾਰਤੀ ਫੌਜ ਲਈ ਬਹੁਤ ਮਦਦਗਾਰ ਸਾਬਿਤ ਹੋਈ।
ਰਣਛੋਡ ਦਾਸ ਦਾ ਜਨਮ ਅਣਵੰਡੇ ਭਾਰਤ ਵਿੱਚ ਹੋਇਆ ਸੀ
ਰਣਛੋਡ ਪਗੀ ਦਾ ਜਨਮ ਅਣਵੰਡੇ ਭਾਰਤ ਵਿੱਚ ਪਾਕਿਸਤਾਨ ਦੇ ਪੇਠਾਪੁਰ ਗਾਵਦੋ ਪਿੰਡ ਵਿੱਚ ਹੋਇਆ ਸੀ। ਵੰਡ ਤੋਂ ਬਾਅਦ, ਰਣਛੋੜ ਭਾਰਤ ਆ ਗਿਆ ਅਤੇ ਗੁਜਰਾਤ ਦੇ ਬਾਂਸਕਾਂਠਾ ਵਿੱਚ ਰਹਿਣ ਲੱਗ ਪਿਆ। ਇੱਥੇ ਉਸਨੇ ਚਰਵਾਹੇ ਵਜੋਂ ਕੰਮ ਕੀਤਾ। ਸਾਲ 1965 ਵਿੱਚ ਪਾਕਿਸਤਾਨੀ ਫੌਜ ਨੇ ਕੱਛ ਸਰਹੱਦ ਦੀ ਵਿਘੋਕੋਟ ਚੌਕੀ ਉੱਤੇ ਕਬਜ਼ਾ ਕਰ ਲਿਆ, ਜਿਸ ਵਿੱਚ ਭਾਰਤੀ ਫੌਜ ਦੇ 100 ਜਵਾਨ ਸ਼ਹੀਦ ਹੋ ਗਏ ਸਨ।
ਪਹਿਲੇ ਫੀਲਡ ਮਾਰਸ਼ਲ ਨੇ ਰਣਛੋਡ ਦਾਸ ਨਾਲ ਕੀਤਾ ਸੀ ਡਿਨਰ
ਪਾਕਿਸਤਾਨੀ ਫੌਜ ਤੋਂ ਬਚਦੇ ਹੋਏ, ਰਣਛੋਡ ਦਾਸ ਨੇ ਭਾਰਤੀ ਫੌਜ ਨੂੰ ਘੁਸਪੈਠੀਆਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਦਿੱਤੀ। ਇੰਨਾ ਹੀ ਨਹੀਂ, ਫੌਜ ਨੂੰ ਰਸਤਾ ਦਿਖਾਉਂਦੇ ਹੋਏ ਪਾਕਿਸਤਾਨੀਆਂ ਤੱਕ ਪਹੁੰਚਾਇਆ। ਭਾਰਤੀ ਫ਼ੌਜ ਉਸਦੀ ਸਿਆਣਪ ਸਦਕਾ ਹੀ ਜੰਗ ਜਿੱਤ ਸਕਦੀ ਸੀ। ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਜਨਰਲ ਸੈਮ ਮਾਣੇਕਸ਼ਾ ਨੇ ਉਨ੍ਹਾਂ ਨੂੰ ਨਾਇਕ ਕਿਹਾ ਅਤੇ ਨਾਲ ਹੀ ਡਿਨਰ ਵੀ ਕੀਤਾ।
1965 ਦੀ ਜੰਗ ਵਿੱਚ ਕੀ ਹੋਇਆ ਸੀ
ਦੱਸ ਦਈਏ ਕਿ ਸਾਲ 1965 ਵਿੱਚ ਪਾਕਿਸਤਾਨੀ ਫੌਜ ਨੇ ਵਿਘੋਕੋਟ ਸਰਹੱਦ ਤੋਂ ਕੱਛ ਸਰਹੱਦ ਉੱਤੇ ਹਮਲਾ ਕੀਤਾ ਸੀ। ਭਾਰਤੀ ਫੌਜ ਨੇ ਵੀ ਇਸ ਦਾ ਮੋੜਵਾਂ ਦਿੱਤਾ, ਪਰ ਰਣਛੋਡ ਪਗੀ ਦੁਆਰਾ ਦਿੱਤੀ ਗਈ ਜਾਣਕਾਰੀ ਨੇ ਇਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਰਣਛੋਡ ਜੰਗੀ ਖੇਤਰ ਬਾਰੇ ਪੂਰੀ ਤਰ੍ਹਾਂ ਨਾਲ ਜਾਣੂ ਸੀ। ਉਹ ਇਸ ਕੰਮ ਵਿੱਚ ਇੰਨਾ ਮਾਹਿਰ ਸੀ ਕਿ ਉਹ ਘੁਸਪੈਠੀਆਂ ਬਾਰੇ ਸਹੀ ਜਾਣਕਾਰੀ ਸਿਰਫ ਨਦੀ ਅਤੇ ਖੇਤਾਂ ਵਿੱਚ ਪੈਰ ਦੇ ਨਿਸ਼ਾਨ ਦੇਖ ਕੇ ਦੱਸ ਦਿੰਦਾ ਸੀ। ਇਸ ਜਾਣਕਾਰੀ ਨਾਲ ਹੀ 1200 ਘੁਸਪੈਠੀਏ ਫੜੇ ਜਾ ਸਕੇ ਸਨ।
ਪਾਕਿਸਤਾਨ 1971 ਦੀ ਜੰਗ ਤੱਕ ਪਹੁੰਚ ਚੁੱਕਾ ਸੀ
1971 ਦੀ ਲੜਾਈ ਦੇ ਦੌਰਾਨ, ਰਣਛੋਡ ਉੱਠ ਤੇ ਸਵਾਰ ਹੋ ਕੇ ਬੋਰਿਆਬੇਟ ਤੋਂ ਪਾਕਿਸਤਾਨ ਗਿਆ ਸੀ। ਉਥੋਂ, ਘੋਰਾ ਇਲਾਕੇ ਵਿੱਚ ਲੁਕੇ ਹੋਏ ਘੁਸਪੈਠੀਆਂ ਬਾਰੇ ਜਾਣਕਾਰੀ ਲੈ ਕੇ ਆਇਆ। ਭਾਰਤੀ ਫੌਜ ਨੇ ਪਗੀ ਦੀ ਸੂਚਨਾ 'ਤੇ ਕਾਰਵਾਈ ਕੀਤੀ। ਜੰਗ ਦੇ ਦੌਰਾਨ ਉਸਨੇ ਭਾਰਤੀ ਫੌਜ ਨੂੰ ਹਥਿਆਰ ਪਹੁੰਚਾਉਣ ਦਾ ਕੰਮ ਵੀ ਕੀਤਾ। ਉਨ੍ਹਾਂ ਦੀ ਸੇਵਾ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਦੇ ਨਾਲ -ਨਾਲ ਕਈ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਰਣਛੋਡ 'ਤੇ ਬਣੀ ਫਿਲਮ
ਅਜੇ ਦੇਵਗਨ ਅਤੇ ਸੰਜੇ ਦੱਤ ਸਟਾਰਰ ਫਿਲਮ 'ਭੁਜ: ਦ ਪ੍ਰਾਈਜ਼ ਆਫ ਇੰਡੀਆ' ਵਿੱਚ ਸੰਜੇ ਦੱਤ ਰਣਛੋਡ ਦਾਸ ਦੀ ਭੂਮਿਕਾ ਨਿਭਾ ਰਹੇ ਹਨ। ਉਹ ਫਿਲਮ ਵਿੱਚ ਇੱਕ ਪਗੀ ਬਣੇ ਹਨ। ਫਿਲਮ ਵਿੱਚ ਉਨ੍ਹਾਂ ਦਾ ਨਾਂ ਰਣਛੋਡ ਰਬਾਰੀ ਰੱਖਿਆ ਗਿਆ ਹੈ।
ਮੌਤ 'ਤੇ ਫੌਜ ਨੇ ਦਿੱਤਾ ਗਾਰਡ ਆਫ਼ ਆਨਰ
ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਨੇ ਰਣਛੋਡ ਦਾਸ ਦੇ ਪੋਤੇ ਵਿਸ਼ਨੂੰ ਰਬਾਰੀ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਦਾਦਾ ਰਣਛੋਡ ਨੇ ਪਾਕਿਸਤਾਨ ਵਿਰੁੱਧ ਭਾਰਤ ਦੀ ਜਿੱਤ ਲਈ ਦੋ ਵਾਰ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਕਈ ਸਾਲਾਂ ਤੱਕ ਸਰਹੱਦੀ ਖੇਤਰਾਂ ਵਿੱਚ ਪੁਲਿਸ ਲਈ ਇੱਕ ਪਗੀ ਵਜੋਂ ਵੀ ਕੰਮ ਕੀਤਾ। ਜਦੋਂ 2013 ਵਿੱਚ ਉਨ੍ਹਾਂ ਮੌਤ ਹੋ ਗਈ ਤਾਂ ਫੌਜ ਅਤੇ ਪੁਲਿਸ ਦੁਆਰਾ ਉਸਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।
ਫਿਲਮ ਭੁਜ ਵਿੱਚ ਰਣਛੋਡ ਦਾਸ ਦੇ ਕਿਰਦਾਰ ਬਾਰੇ ਵਿਸ਼ਨੂੰ ਰਬਾਰੀ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ। ਉਸ ਨੇ ਕਿਹਾ ਕਿ ਹੁਣ ਤੱਕ ਸਿਰਫ ਪਿੰਡ ਅਤੇ ਆਲੇ ਦੁਆਲੇ ਦੇ ਲੋਕ ਹੀ ਉਸ ਬਾਰੇ ਜਾਣਦੇ ਸਨ, ਪਰ ਇਸ ਫਿਲਮ ਰਾਹੀਂ ਦੁਨੀਆ ਨੂੰ ਉਸਦੀ ਕੁਰਬਾਨੀ ਬਾਰੇ ਪਤਾ ਲੱਗੇਗਾ।