ਊਨਾ: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਕੋਲਕਾ ਪਿੰਡ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਪੰਜਾਬ ਦੇ 7 ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ, ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ, ਜਿਸ ਤੋਂ ਬਾਅਦ ਲਾਸ਼ਾਂ ਊਨਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤੀਆਂ ਗਈਆਂ ਹਨ, ਮ੍ਰਿਤਕਾਂ ਦੇ ਪਰਿਵਾਰ ਵਾਲੇ ਵੀ ਪਹੁੰਚ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਬੰਗਾਨਾ ਅਧੀਨ ਪੈਂਦੇ ਪਿੰਡ ਕੋਲਕਾ ਨੇੜੇ ਗੋਬਿੰਦ ਸਾਗਰ ਝੀਲ ਵਿੱਚ ਸੋਮਵਾਰ ਸ਼ਾਮ 4 ਵਜੇ ਦੇ ਕਰੀਬ 7 ਵਿਅਕਤੀਆਂ ਦੇ ਡੁੱਬਣ ਦੀ ਸੂਚਨਾ ਮਿਲੀ। ਜਿੱਥੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਬਨੂੜ ਤੋਂ ਬਾਬਾ ਗਰੀਬ ਦਾਸ ਮੰਦਰ ਵਿੱਚ 11 ਵਿਅਕਤੀ ਆਏ ਸਨ। ਇਸ ਤੋਂ ਬਾਅਦ ਇਨ੍ਹਾਂ 'ਚੋਂ 7 ਲੋਕ ਝੀਲ 'ਚ ਨਹਾਉਣ ਗਏ ਅਤੇ ਬਾਕੀ 4 ਲੋਕ ਕੰਢੇ 'ਤੇ ਹੀ ਰਹਿ ਗਏ।
ਦੱਸਿਆ ਜਾ ਰਿਹਾ ਹੈ ਕਿ ਪਾਣੀ ਡੂੰਘਾ ਹੋਣ ਕਾਰਨ ਨਹਾਉਣ ਗਏ 7 ਨੌਜਵਾਨ ਡੁੱਬ ਗਏ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਬਰਾਮਦ ਕਰ ਲਈਆਂ ਗਈਆਂ ਹਨ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਬੀਬੀਐਮਬੀ (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਦੇ ਗੋਤਾਖੋਰਾਂ ਨੂੰ ਮੌਕੇ 'ਤੇ ਬੁਲਾਇਆ ਗਿਆ, ਇਨ੍ਹਾਂ ਸਾਰੇ ਲੋਕਾਂ ਦੀ ਉਮਰ 14 ਤੋਂ 35 ਸਾਲ ਦੇ ਵਿਚਕਾਰ ਸੀ।
ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਵਾਲੇ ਸਾਰੇ ਲੋਕ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਬਨੂੜ ਇਲਾਕੇ ਦੇ ਦੱਸੇ ਜਾਂਦੇ ਹਨ। ਇਨ੍ਹਾਂ ਦੇ ਨਾਂ ਰਮਨ ਪੁੱਤਰ ਲਾਲ ਚੰਦ, ਪਵਨ ਪੁੱਤਰ ਸੁਰਜੀਤ ਰਾਮ, ਅਰੁਣ ਪੁੱਤਰ ਰਮੇਸ਼ ਕੁਮਾਰ, ਲਵ ਪੁੱਤਰ ਲਾਲ ਚੰਦ, ਲਖਵੀਰ ਪੁੱਤਰ ਰਮੇਸ਼ ਕੁਮਾਰ, ਵਿਸ਼ਾਲ ਪੁੱਤਰ ਰਾਜੂ, ਸ਼ਿਵ ਪੁੱਤਰ ਅਵਤਾਰ ਸਿੰਘ ਹਨ। ਇਹ ਸਾਰੇ ਬਨੂੜ ਦੇ ਵਾਰਡ ਨੰ 1 ਦੇ ਰਹਿਣ ਵਾਲੇ ਹਨ।
ਦੱਸ ਦੇਈਏ ਕਿ ਬਾਬਾ ਗਰੀਬਨਾਥ ਮੰਦਰ ਦੇ ਦਰਸ਼ਨਾਂ ਲਈ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ। ਇਹ ਗੋਬਿੰਦ ਸਾਗਰ ਝੀਲ ਦੇ ਵਿਚਕਾਰ ਸਥਿਤ ਹੈ। ਜ਼ਿਲ੍ਹੇ ਵਿੱਚ ਮੀਂਹ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਨਾਲਿਆਂ ਦੇ ਨੇੜੇ ਨਾ ਜਾਣ ਦੀ ਹਦਾਇਤ ਕੀਤੀ ਹੈ। ਫਿਰ ਵੀ ਲੋਕ ਦਰਿਆ ਨਾਲਿਆਂ ਦੇ ਨੇੜੇ ਜਾਣ ਤੋਂ ਗੁਰੇਜ਼ ਨਹੀਂ ਕਰ ਰਹੇ।
ਇਹ ਵੀ ਪੜੋ:- ਤੇਜ਼ ਮੀਂਹ ਪੈਣ ਕਾਰਨ ਪਾਣੀ ‘ਚ ਡੁੱਬੇ ਲੋਕਾਂ ਦੇ ਘਰ, ਇੰਝ ਬਚਾਈ ਜਾਨ