ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਸਿਆਸੀ ਡਰਾਮੇ 'ਚ ਅੱਜ ਪਾਰਟੀ ਇੰਚਾਰਜ ਹਰੀਸ਼ ਰਾਵਤ, ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਸ਼ੁੱਕਰਵਾਰ ਨੂੰ ਰਾਵਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਰਾਵਤ ਨੇ ਕਿਹਾ ਸੀ ਕਿ ਮੈਂ ਕਾਂਗਰਸ ਪ੍ਰਧਾਨ ਨੂੰ ਸੂਚਿਤ ਕਰ ਦਿੱਤਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਹਰ ਕੋਈ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗਾ। ਇੱਥੇ ਕੁਝ ਸਮੱਸਿਆਵਾਂ ਆਈਆਂ ਹਨ ਪਰ ਅਸੀਂ ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਥਿਤੀ ਕਾਬੂ ਹੇਠ ਹੈ। ਇਸ ਦੇ ਨਾਲ ਹੀ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ਬਾਰੇ ਰਾਵਤ ਨੇ ਕਿਹਾ ਕਿ ਇਹ ਉਨ੍ਹਾਂ ਦਾ ਅੰਦਾਜ-ਏ-ਬਿਆਂ ਵੀ ਹੋ ਸਕਦਾ ਹੈ।
ਵਿਚਾਰ ਰੱਖਣਾ ਲੋਕਤੰਤਰੀ ਹੱਕ ਪਰ ਅੰਤਮ ਫੈਸਲਾ ਪਾਰਟੀ ਪ੍ਰਧਾਨ ਲੈਣਗੇ
ਰਾਵਤ ਨੇ ਕਿਹਾ ਕਿ ਆਪਣੇ ਵਿਚਾਰ ਰੱਖਣੇ ਕਿਸੇ ਵਿਅਕਤੀ ਜਾਂ ਵਿਧਾਇਕ ਦਾ ਲੋਕਤੰਤਰੀ ਹੱਕ ਹੈ ਪਰ ਇਸ ‘ਤੇ ਫੈਸਲਾ ਲੈਣ ਦਾ ਹੱਕ ਸਿਰਫ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਹਰੇਕ ਵਿਅਕਤੀ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਦਾ ਫੈਸਲਾ ਹੀ ਅੰਤਮ ਹੋਵੇਗਾ ਤੇ ਉਹ ਉਨ੍ਹਾਂ ਨੂੰ ਮੰਜੂਰ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਮੈਨੂੰ ਮਿਲਣ ਆਏ ਸੀ, ਉਨ੍ਹਾਂ ਨੇ ਵੀ ਇਹੋ ਗੱਲ ਕਹੀ।
ਇਹ ਵੀ ਪੜ੍ਹੋ: ਹਾਈਕਮਾਂਡ ਦਾ ਹੁਕਮ, ਮਿਲ ਕੇ ਕੰਮ ਕਰਨ ਸਾਰੇ
ਇੱਟ ਨਾਲ ਇੱਟ ਖੜਕਾਉਣ ਦਾ ਬਿਆਨ ਸਿੱਧੂ ਦਾ ਅੰਦਾਜ
ਪਾਰਟੀ ਵੱਲੋਂ ਸੁਤੰਤਰ ਤੌਰ ‘ਤੇ ਫੈਸਲੇ ਲੈਣ ਦੀ ਖੁੱਲ੍ਹ ਨਾ ਦੇਣ ਦਾ ਦੋਸ਼ ਲਗਾਉਂਦਿਆਂ ਇੱਟ ਨਾਲ ਇੱਟ ਵਜਾਉਣ ਦੇ ਸਿੱਧੂ ਦੇ ਬਿਆਨ ਬਾਰੇ ਰਾਵਤ ਨੇ ਕਿਹਾ ਕਿ ਇਹ ਉਨ੍ਹਾਂ ਦਾ ਅੰਦਾਜ ਏ ਬਿਆਨ ਹੈ ਤੇ ਇਹ ਨਹੀਂ ਕਿ ਉਨ੍ਹਾਂ ਇਹ ਕਿਸ ਵਿਸ਼ੇ ਵਿੱਚ ਕਿਹਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਜੇ ਕੋਈ ਹਦਾਇਤ ਕਰਨਗੇ ਤਾਂ ਉਸ ਨੂੰ ਉਹ ਮੀਡੀਆ ਨਾਲ ਸ਼ੇਅਰ ਕਰਨਗੇ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਵਿੱਚ ਤਿੰਨ ਧਿਰਾਂ ਹਨ, ਮੁੱਖ ਮੰਤਰੀ, ਵਿਧਾਇਕ-ਮੰਤਰੀ ਤੇ ਪ੍ਰਦੇਸ਼ ਕਾਂਗਰਸ, ਉਹ ਸਾਰੇ ਇੱਕ ਦੂਜੇ ਦੀ ਇੱਜਤ ਕਰਦਿਆਂ ਮਿਲ ਕੇ ਕੰਮ ਕਰਨਗੇ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਪੁੱਜੇ ਸਨ। ਇਥੇ ਉਨ੍ਹਾਂ ਪੰਜਾਬ ਕਾਂਗਰਸ ‘ਚ ਚੱਲ ਰਹੇ ਵਿਵਾਦ ਦੇ ਮਸਲੇ ‘ਤੇ ਚਰਚਾ ਕੀਤੀ। ਹਰੀਸ਼ ਰਾਵਤ ਨੇ ਸ਼ੁੱਕਰਵਾਰ ਸਵੇਰੇ ਹੀ ਦੱਸਿਆ ਸੀ ਕਿ ਉਨ੍ਹਾਂ ਨੂੰ ਪੰਜਾਬ ਦੇ ਚਾਰ ਮੰਤਰੀ ਤੇ ਤਿੰਨ ਵਿਧਾਇਕ ਮਿਲੇ ਸੀ ਤੇ ਉਨ੍ਹਾਂ ਨੇ ਆਪਣੀ ਗੱਲ ਰੱਖੀ ਹੈ।
ਪੰਜਾਬ ਮਸਲੇ ‘ਤੇ ਹੋਈ ਚਰਚਾ
ਸੋਨੀਆ ਨਾਲ ਮੁਲਾਕਾਤ ਦੌਰਾਨ ਪੰਜਾਬ ਮਸਲੇ ‘ਤੇ ਚਰਚਾ ਹੋਈ ਹੈ। ਰਾਵਤ ਨੇ ਕਿਹਾ ਸੀ ਕਿ ਇਹ ਗੱਲਾਂ ਉਹ ਆਪਣੇ ਦੋਵੇਂ ਨੇਤਾਵਾਂ ਯਾਨੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਸਾਂਝੀਆਂ ਕਰਨਗੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕਹਿ ਚੁੱਕੇ ਹਨ ਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤੇ ਪੰਜਾਬ ਦਾ ਵਿਵਾਦ ਹਾਈਕਮਾਂਡ ਦੇ ਧਿਆਨ ਵਿਚ ਹੈ।
ਸਿੱਧੂ ਦੇ ਸਲਾਹਕਾਰ ਦੇ ਬਿਆਨ ਤੋਂ ਸ਼ੁਰੂ ਹੋਇਆ ਵਿਵਾਦ
ਇਥੇ ਇਹ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਪਾਕਿਸਤਾਨ ਤੇ ਕਸ਼ਮੀਰ ਮੁੱਦੇ ‘ਤੇ ਬਿਆਨ ਦੇ ਕੇ ਪਾਰਟੀ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ ਸੀ, ਜਿਸ ਨੂੰ ਲੈ ਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਜਿਥੇ ਪਾਰਟੀ ਹਾਈ ਕਮਾਂਡ ਤੋਂ ਕਾਰਵਾਈ ਦੀ ਮੰਗ ਕੀਤੀ ਸੀ, ਉਥੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਮਾਲੀ ਕਾਂਗਰਸ ਤਾਂ ਦੂਰ ਦੀ ਗੱਲ ਦੇਸ਼ ਵਿੱਚ ਰਹਿਣ ਲਾਇਕ ਨਹੀਂ ਹਨ।
ਇਹ ਵੀ ਪੜ੍ਹੋ:ਸਿੱਧੂ ਦੇ ਸਾਰੇ ਚੌਕੇ ਛੱਕੇ ਸੰਭਾਲ ਲਵਾਂਗੇ-ਹਰੀਸ਼ ਰਾਵਤ
ਸੋਨੀਆ ਨੇ ਦਖਲ ਲਈ ਰਾਵਤ ਨੂੰ ਕਿਹਾ ਸੀ
ਸੂਤਰ ਦੱਸਦੇ ਹਨ ਕਿ ਇਸ ਉਪਰੰਤ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਮਸਲੇ ‘ਚ ਦਖਲ ਦੇਣ ਲਈ ਕਿਹਾ ਸੀ। ਸੂਤਰ ਇਹ ਵੀ ਦੱਸਦੇ ਹਨ ਕਿ ਸਲਾਹਕਾਰ ਨੂੰ ਨੱਥ ਪਾਊਣ ਲਈ ਰਾਵਤ ਨੇ ਸਿੱਧੂ ਨਾਲ ਗੱਲਬਾਤ ਵੀ ਕੀਤੀ ਸੀ ਪਰ ਮਸਲਾ ਨਹੀਂ ਸੀ ਸੁਲਝਿਆ ਤੇ ਇਸੇ ‘ਤੇ ਹੁਣ ਪਾਰਟੀ ਹਾਈਕਮਾਂਡ ਵਿਚਾਰ ਵਟਾਂਦਰਾ ਕਰੇਗੀ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਲਗਾਤਾਰ ਵਿਵਾਦ ‘ਤੇ ਸਥਾਈ ਰੋਕ ਕਿਵੇਂ ਲਗਾਈ ਜਾ ਸਕਦੀ ਹੈ।
ਮਾਲਵਿੰਦਰ ਸਿੰਘ ਮਾਲੀ ਦਾ ਅਸਤੀਫ਼ਾ
ਇਸ ਸਭ ਦੇ ਦਰਮਿਆਨ ਨਵਜੋਤ ਸਿੱਧੂ ਦੇ ਵਿਵਾਦਿਤ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਪੋਸਟ ਰਾਹੀਂ ਆਪਣਾ ਅਸਤੀਫਾ ਦੇ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੰਜਾਬ, ਧਾਰਮਕ ਘੱਟ ਗਿਣਤੀਆਂ, ਦਬੇ-ਕੁਚਲੇ ਲੋਕਾਂ, ਮਨੁੱਖੀ ਹੱਕਾਂ, ਜਮਹੂਰੀਅਤ ਤੇ ਫੈਡਰੇਲਿਜ਼ਮ ਦੀ ਲੜਾਈ ਲੜਦੇ ਆ ਰਹੇ ਹਨ ਅਤੇ ਇਹ ਲੜਾਈ ਉਹ ਜਾਰੀ ਰੱਖਣਗੇ।
ਮਾਲੀ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਕੈਪਟਨ ਅਮਰਿੰਦਰ ਸਿਂਘ, ਵਿਜੈ ਇੰਦਰ ਸਿੰਗਲਾ, ਮਨੀਸ਼ ਤਿਵਾੜੀ, ਸੁਖਬੀਰ ਬਾਦਲ, ਬਿਕਰਮ ਮਜੀਠੀਆ, ਭਾਜਪਾ ਸਕੱਤਰ ਸੁਭਾਸ਼ ਸ਼ਰਮਾ ਤੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਆਗੂ ਰਾਘਵ ਚੱਡਾ ਤੇ ਜਰਨੈਲ ਸਿੰਘ ਜ਼ਿੰਮੇਵਾਰ ਹੋਣਗੇ।
ਇਹ ਵੀ ਪੜ੍ਹੋ:ਸਿੱਧੂ ਦੇ ਸਲਾਹਕਾਰ ਨੇ ਦਿੱਤਾ ਅਸਤੀਫ਼ਾ