ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਚੱਲ ਰਹੇ ਕਲੇਸ਼ ਦੇ ਅਗਲੇ ਗੇੜ ਤਹਿਤ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅੱਜ ਚੰਡੀਗੜ੍ਹ ਆਉਣਗੇ। ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨਗੇ।
ਪੰਜਾਬ ‘ਚ ਕਾਂਗਰਸ ਦਾ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਹਾਲਾਂਕਿ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਰਾਹੀਂ ਸਪਸ਼ਟ ਸੁਨੇਹਾ ਦੇ ਚੁੱਕੇ ਹਨ ਕਿ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤੇ ਹਾਈਕਮਾਂਡ ਦੇ ਫੈਸਲੇ ‘ਤੇ ਫੁੱਲ ਚੜ੍ਹਾਉਣੇ ਪੈਣਗੇ। ਇਸ ਦੇ ਬਾਵਜੂਦ ਜਿਥੇ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਧੜੇ ਵੱਲੋਂ ਕਦੇ ਬਿਜਲੀ ਮੁੱਦੇ ‘ਤੇ ਤੇ ਕਦੇ ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾਉਣ ਦੇ ਬਹਾਨੇ ਕੋਈ ਨਾ ਕੋਈ ਬਿਆਨ ਜਨਤਕ ਕੀਤੇ ਜਾ ਰਹੇ ਹਨ, ਜਿਹੜੇ ਕਿ ਸਿੱਧੇ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨੇ ਹਨ।
ਪ੍ਰਗਟ ਸਿੰਘ ਨੇ ਦਿੱਤੀ ਹੈ ਚੁਣੌਤੀ
ਇਹੋ ਨਹੀਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਪ੍ਰਗਟ ਸਿੰਘ ਨੇ ਸਿੱਧੇ ਤੌਰ ‘ਤੇ ਇੰਚਾਰਜ ਹਰੀਸ਼ ਰਾਵਤ ਨੂੰ ਹੀ ਚੁਣੌਤੀ ਦੇ ਦਿੱਤੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਦਾ ਚਿਹਰਾ ਐਲਾਨਣ ਵਾਲੇ ਕੌਣ ਹੁੰਦੇ ਹਨ। ਅਜਿਹੇ ਹਾਲਾਤ ਵਿੱਚ ਪਾਰਟੀ ਹਾਈਕਮਾਂਡ ਨੇ ਇੱਕ ਵਾਰ ਮੁੜ ਹਰੀਸ਼ ਰਾਵਤ ਨੂੰ ਪੰਜਾਬ ਫੇਰੀ ‘ਤੇ ਭੇਜਿਆ ਹੈ। ਉਹ ਮੰਗਲਵਾਰ ਨੂੰ ਇਥੇ ਆ ਰਹੇ ਹਨ। ਚੰਡੀਗੜ੍ਹ ਵਿਖੇ ਉਹ ਪੰਜਾਬ ਭਵਨ ਠਹਿਰਣਗੇ ਤੇ ਸੰਭਾਵਨਾ ਹੈ ਕਿ ਉਹ ਦੋ ਜਾਂ ਤਿੰਨ ਦਿਨ ਲਗਾ ਸਕਦੇ ਹਨ।
ਦੋਵੇਂ ਧੜਿਆਂ ਨਾਲ ਹੋਵੇਗੀ ਮੁਲਾਕਾਤ
ਸੂਤਰ ਦੱਸਦੇ ਹਨ ਕਿ ਉਹ ਇਥੇ ਪਾਰਟੀ ਪ੍ਰਧਾਨ ਤੋਂ ਇਲਾਵਾ ਪ੍ਰਗਟ ਸਿੰਘ ਤੇ ਸਿੱਧੂ ਧੜੇ ਦੇ ਮੰਤਰੀਆਂ ਨੂੰ ਵੀ ਮਿਲਣਗੇ। ਇਸ ਤੋਂ ਇਲਾਵਾ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨਗੇ। ਹਰੀਸ਼ ਰਾਵਤ ਦੀ ਫੇਰੀ ਦੌਰਾਨ ਕਾਂਗਰਸ ਹਾਈਕਮਾਂਡ ਤੱਕ ਸੁਨੇਹਾ ਪਹੁੰਚਾਉਣ ਲਈ ਦੋਵੇਂ ਧੜੇ ਆਪੋ ਆਪਣੀ ਗੱਲ ਜੋਰਦਾਰ ਤਰੀਕੇ ਨਾਲ ਰੱਖਣਗੇ। ਉਂਜ ਮੰਗਲਵਾਰ ਸ਼ਾਮ ਦਾ ਦਿਨ ਅਹਿਮ ਹੋਵੇਗਾ, ਕਿਉਂਕਿ ਬੁੱਧਵਾਰ ਨੂੰ ਪੰਜਾਬ ਵਿਧਾਨਸਭਾ ਦਾ ਵਿਸ਼ੇਸ਼ ਇੱਕ ਦਿਨਾਂ ਇਜਲਾਸ ਹੈ ਤੇ ਸਾਰੇ ਵਿਧਾਇਕ ਚੰਡੀਗੜ੍ਹ ਵਿੱਚ ਮੌਜੂਦ ਹੋਣਗੇ।
ਸਾਹਮਣੇ ਆਏਗੀ ਤਾਕਤ
ਹਰੀਸ਼ ਰਾਵਤ ਨਾਲ ਮੁਲਾਕਾਤ ਲਈ ਦੋਵੇਂ ਧੜਿਆਂ ਦੀ ਤਾਕਤ ਸਾਹਮਣੇ ਆ ਜਾਏਗੀ। ਅਜੇ ਤੱਕ ਇਹ ਹੁੰਦਾ ਆਇਆ ਹੈ ਕਿ ਜਦੋਂ ਕਦੇ ਵੀ ਸਿੱਧੂ ਧੜੇ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਕੈਪਟਨ ਵਿਰੁੱਧ ਆਵਾਜ ਉਠਾਈ ਹੈ, ਉਦੋਂ-ਉਦੋਂ ਕੈਪਟਨ ਧੜੇ ਦੇ ਮੰਤਰੀ ਤੇ ਵਿਧਾਇਕਾਂ ਨੇ ਸਿੱਧੂ ਧੜੇ ਦੀ ਬਿਆਨਬਾਜੀ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਕੋਲ ਸ਼ਿਕਾਇਤ ਕੀਤੀ ਹੈ। ਅਜਿਹੇ ਹਾਲਾਤ ਵਿੱਚ ਹੀ ਨਵਜੋਤ ਸਿੰਘ ਸਿੱਧੂ ਦੇ ਹਮਾਇਤੀ ਮੰਤਰੀਆਂ ਦੇ ਵਿਧਾਇਕਾਂ ਨੇ ਖੁੱਲ੍ਹੇ ਤੌਰ ‘ਤੇ ਕੈਪਟਨ ਨੂੰ ਬਦਲਨ ਦੀ ਮੰਗ ਕਰ ਦਿੱਤੀ ਸੀ ਪਰ ਹਰੀਸ਼ ਰਾਵਤ ਨੇ ਸਾਫ ਕਰ ਦਿੱਤਾ ਸੀ ਕਿ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ।
ਦੋਵੇਂ ਧੜਿਆਂ ਵੱਲੋਂ ਸ਼ਕਤੀ ਪ੍ਰਦਰਸ਼ਨ ਜਾਰੀ
ਇਸ ਉਪਰੰਤ ਕੈਪਟਨ ਨੇ ਡਿਨਰ ਡਿਪਲੋਮੈਸੀ ਰਾਹੀਂ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਲਾਮਬੰਦੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਫੈਸਲੇ ਲੈਣ ਦੀ ਖੁੱਲ੍ਹ ਨਾ ਦੇਣ ਦੀ ਸੂਰਤ ਵਿੱਚ ਇੱਟ ਨਾਲ ਇੱਟ ਵਜਾਉਣ ਦੀ ਧਮਕੀ ਦੇ ਦਿੱਤੀ ਤੇ ਰਾਵਤ ਨੇ ਮੁੜ ਇਕ ਬਿਆਨ ਵਿੱਚ ਸਪਸ਼ਟ ਕਰ ਦਿੱਤਾ ਕਿ ਕੈਪਟਨ ਦੀ ਅਗਵਾਈ ਵਿੱਚ ਹੀ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਇਸ ਤੋਂ ਬਾਅਦ ਪ੍ਰਗਟ ਸਿੰਘ ਨੇ ਹਰੀਸ਼ ਰਾਵਤ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਹਾਲਾਂਕਿ ਹਰੀਸ਼ ਰਾਵਤ ਨੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੁੜ ਰਾਬਤਾ ਕਾਇਮ ਕਰਨ ਲਈ ਰਾਵਤ ਨੂੰ ਚੰਡੀਗੜ੍ਹ ਭੇਜਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਹਾਈਕਮਾਂਡ ਦੇ ਹੁਕਮ ਮੁਤਾਬਕ ਰਾਵਤ ਪੰਜਾਬ ਕਾਂਗਰਸ ਨੂੰ ਇਕੋ ਸੂਤਰ ਵਿੱਚ ਬੰਨ੍ਹ ਸਕਣਗੇ ਜਾਂ ਨਹੀਂ।