ਚੰਡੀਗੜ: ਕਿਸੇ ਸਮੇਂ ਰਾਜਨੀਤਕ ਪਾਰਟੀਆਂ ਦੀ ਪਛਾਣ ਰਹੇ ਉਨ੍ਹਾਂ ਦੇ ਪਹਿਰਾਵੇਂ ਹੁਣ ਲਗਭਗ ਗਾਇਬ ਹੋ ਗਏ ਹਨ| ਆਜ਼ਾਦੀ ਦੀ ਲੜਾਈ ਸਮੇਂ ਪਛਾਣ ਬਣੀ ਗਾਂਧੀ ਟੋਪੀ ਅਤੇ ਸਫੈਦ ਪਗੜੀ ਬਾਅਦ ਵਿਚ ਕਾਂਗਰਸ ਦੀ ਵਿਰਾਸਤ ਬਣ ਗਈ ਪਰ ਹੁਣ ਉਹ ਵੀ ਗਾਇਬ ਹੋ ਚੁੱਕੀ ਹੈ। ਨਹਿਰੂ ਜਾਕਟ ਵੀ ਕਾਂਗਰਸ ਦੀ ਪਛਾਣ ਦਾ ਹਿੱਸਾ ਸੀ ਪਰ ਹੁਣ ਕਾਂਗਰਸ ਦੀ ਸੰਸਕ੍ਰਿਤੀ 'ਚੋਂ ਬਾਹਰ ਹੋ ਚੁੱਕੀ ਹੈ।
ਇੰਝ ਹੀ ਅਕਾਲੀਆਂ ਲਈ ਕਦੇ ਨੀਲੀ ਪੱਗ ਬੰਨ੍ਹਣਾ ਮਾਣ ਵਾਲੀ ਗੱਲ ਹੁੰਦੀ ਸੀ ਹੁਣ ਉਹ ਵੀ ਜ਼ਿਆਦਾ ਮਕਬੂਲ ਨਹੀਂ ਰਹੀ।
ਇੱਕ ਦਹਾਕੇ ਪਹਿਲਾਂ ਰਾਜਨੀਤੀ ਵਿੱਚ ਆਈ ਆਮ ਆਦਮੀ ਪਾਰਟੀ ਦੀ ਪਛਾਣ ਅੰਨਾ ਹਜ਼ਾਰੇ ਦੇ ਅੰਦੋਲਣ ਵਿੱਚ ਚਮਕੀ ਗਾਂਧੀ ਟੋਪੀ ਸੀ। ‘ਮੈਂ ਹੂੰ ਆਮ ਆਦਮੀ’ ਦੇ ਨਾਅਰੇ ਨਾਲ ਦਿੱਲੀ ਵਿਚ ਸਰਕਾਰ ਬਣਾਉਣ ਵਾਲੀ ਅਤੇ ਪੰਜਾਬ ਵਿੱਚ ਵਿਧਾਇਕ ਅਤੇ ਸੰਸਦ ਮੈਂਬਰ ਬਣਾਉਣ ਵਾਲੀ ਗਾਂਧੀ ਟੋਪੀ ਵੀ ਹੁਣ ਗਾਇਬ ਹੈ। ਰਾਜਨੀਤੀ ਦੀ ਕਮਾਨ ਹੁਣ ਨੌਜਵਾਨ ਦੇ ਹੱਥਾਂ ਵਿਚ ਹੈ ਜਿੰਨ੍ਹਾ ਦੀ ਸੰਸਕ੍ਰਿਤੀ ਜੀਨਸ ਅਤੇ ਟੀ ਸ਼ਰਟ ਹੈ ਅਤੇ ਡਿਜ਼ੀਟਲ ਯੁੱਗ ਵਿਚ ਸੋਸ਼ਲ ਮੀਡੀਆ ਅਤੇ ਹੱਥਾਂ ਵਿਚ ਮੋਬਾਇਲ ਹੈ।
ਫਰਕ ਸਾਫ਼ ਨਜ਼ਰ ਆ ਰਿਹਾ ਹੈ। ਜੋ ਲੋਕ ਪਾਰਟੀਆਂ ਵਿੱਚ ਪੁਰਾਣੇ ਹਨ, ਉਹ ਪਾਰਟੀ ਦੇ ਚਿੰਨ ਦੀ ਰਵਾਇਤ ਨੂੰ ਕਿਤੇ-ਕਿਤੇ ਸੰਭਾਲ ਰਹੇ ਹਨ ਜਦਕਿ ਨੌਜਵਾਨਾਂ ਲਈ ਇਹ ਰਵਾਇਤ ਕੋਈ ਮਾਇਨੇ ਨਹੀਂ ਰੱਖ ਰਹੀ। ਵੱਡੀ ਗੱਲ ਇਹ ਵੀ ਹੈ ਕਿ ਕਿਸੇ ਪਾਰਟੀ ਦੀ ਰਵਾਇ ਪਹਿਰਾਵਾ ਜਾਂ ਚਿੰਨ ਅਤੇ ਨਾਅਰੇ ਉਸਦੀ ਵਿਚਾਰਧਾਰਾ ਦੀ ਪਹਿਚਾਣ ਰਹੀ ਹੈ।
ਗਾਂਧੀ ਟੋਪੀ
1918 ਦੇ ਸੁਤੰਤਰਤਾ ਅੰਦੋਲਨ ਦੇ ਅਸਹਿਯੋਗ ਅੰਦੋਲਨ ਦੌਰਾਨ ਗਾਂਧੀ ਟੋਪੀ ਨੇ ਪਛਾਣ ਬਣਾਈ ਸੀ। ਗਾਂਧੀ ਟੋਪੀ ਦੀ ਅੰਗਰੇਜ਼ਾਂ ਵਿੱਚ ਇੰਨ੍ਹੀ ਦਹਿਸ਼ਤ ਬਣ ਗਈ ਸੀ ਕਿ ਇਸ ’ਤੇ ਪਾਬੰਦੀ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਸਨ। ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਗਾਂਧੀ ਟੋਪੀ ਨੂੰ ਪਾਰਟੀ ਦੀ ਪਛਾਣ ਵਿੱਚ ਸ਼ਾਮਲ ਕਰ ਲਿਆ ਸੀ।
ਇਸੇ ਤਰ੍ਹਾਂ ਹੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜੈਕਟ ਕਾਂਗਰਸ ਆਗੂਆਂ ਅਤੇ ਵਰਕਰਾਂ ਦੀ ਡਰੈੱਸ ਦਾ ਹਿੱਸਾ ਬਣ ਗਈ ਸੀ। ਆਜ਼ਾਦੀ ਤੋਂ ਬਾਅਦ ਜਵਾਹਰ ਲਾਲ ਨਹਿਰੂ , ਲਾਲ ਬਹਾਦਰ ਸ਼ਾਸ਼ਤਰੀ , ਰਾਜੀਵ ਗਾਂਧੀ ਤੋਂ ਇਲਾਵਾ ਕਾਂਗਰਸ ਦੇ ਕਈ ਦਿੱਗਜ਼ ਆਗੂਆ ਨੇ ਗਾਂਧੀ ਟੋਪੀ ਦੀ ਪਰੰਪਰਾ ਨੂੰ ਜਾਰੀ ਰੱਖਿਆ। ਪੰਜਾਬ ਵਿੱਚ ਵੀ ਪਹਿਲੇ ਮੁੱਖ ਮੰਤਰੀ ਵਜੋਂ ਗੋਪੀ ਚੰਦ ਭਾਰਗਵ, ਭੀਮ ਸੇਨ ਸੱਚਰ ਅਤੇ ਰਾਮ ਕਿਸ਼ਨ ਨੇ ਗਾਂਧੀ ਟੋਪੀ ਦੀ ਪਰੰਪਰਾ ਜਾਰੀ ਰੱਖੀ।
ਇਕ ਸਮਾਂ ਸੀ ਜਦੋਂ ਸੁਤੰਤਰਤਾ ਦਿਵਸ ਸਮਾਗਮ ’ਤੇ ਗਾਂਧੀ ਟੋਪੀ ਪਾਉਣਾ ਸਨਮਾਨ ਵਾਲੀ ਗੱਲ ਮੰਨ੍ਹੀ ਜਾਂਦੀ ਸੀ ਪਰ ਪੰਜਾਬ ਦੇ ਸੱਭਿਆਚਾਰ ਵਿੱਚ ਟੋਪੀ ਦੀ ਬਜਾਇ ਪੱਗੜੀ ਦਾ ਸਥਾਨ ਰਿਹਾ ਹੈ। ਲਗਭਗ ਹਰ ਫਿਰਕੇ ਦੇ ਲੋਕ ਪੱਗੜੀ ਹੀ ਪਾਉਂਦੇ ਸਨ।
ਟੋਪੀ ਦਾ ਸਿਲਸਿਲਾ ਵੀ ਸ਼ੁਰੂ ਤਾਂ ਹੋਇਆ ਪਰ ਸਿਰਫ਼ ਕਾਂਗਰਸ ਪਾਰਟੀ ਤੱਕ ਹੀ ਸੀਮਤ ਰਿਹਾ। ਚੋਣਾਂ ਦੌਰਾਨ ਕਾਂਗਰਸ ਦੇ ਵਰਕਰ ਅਤੇ ਉਮੀਦਵਾਰ ਗਾਂਧੀ ਟੋਪੀ ਅਤੇ ਖਾਦੀ ਕੁਰਤਾ ਪਜ਼ਾਮਾ ਪਾਉਣਾ ਵੀ ਪਛਾਣ ਵਜੋਂ ਪਾਉਂਦੇ ਸਨ ਪਰ ਹੌਲੀ-ਹੌਲੀ ਇਹ ਪਰੰਪਰਾ ਕਾਂਗਰਸ ਦੇ ਹੀ ਸੇਵਾ ਦਲ ਵਿੰਗ ਤੱਕ ਸੀਮਤ ਹੋ ਗਈ। ਹੁਣ ਕਾਂਗਰਸ ਵਿਚ ਵੀ ਗਾਂਧੀ ਟੋਪੀ ਜਾਂ ਫਿਰ ਖਾਦੀ ਕੁਰਤਾ ਪਜ਼ਾਮਾ ਜਾਂ ਫਿਰ ਨਹਿਰੂ ਜੈਕਟ ਗਾਇਬ ਹੋ ਚੁੱਕੀ ਹੈ।
ਖਾਸ ਕਰਕੇ ਪੰਜਾਬ ਵਿੱਚ ਅੱਤਵਾਦ ਦੌਰਾਨ ਕਾਂਗਰਸ ਪਾਰਟੀ ਦਾ ਜੋ ਨੁਕਸਾਨ ਹੋਇਆ ਸੀ, ਉਸ ਨਾਲ ਕਾਂਗਰਸ ਦੇ ਡਰੈੱਸ ਕਲਚਰ ਦਾ ਵੀ ਨੁਕਸਾਨ ਹੋਇਆ ਅਤੇ ਕਾਂਗਰਸ ਦੇ ਲੋਕਾਂ ਨੇ ਹੀ ਪਾਰਟੀ ਦੇ ਡਰੈਸ ਕਲਚਰ ਨੂੰ ਅਲਵਿਦਾ ਕਹਿ ਦਿੱਤਾ ਸੀ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਸਮੇਂ ਸਫੈਦ ਪੱਗੜੀ ਨੇ ਤਾਂ ਪਾਰਟੀ ਤੋਂ ਦੂਰੀ ਹੀ ਬਣਾ ਲਈ ਸੀ। ਹਲਕੇ ਰੰਗ ਦੀਆਂ ਪੱਗਾਂ ਦਾ ਕਾਂਗਰਸ ਵਿੱਚ ਫੈਸ਼ਨ ਜਿਹਾ ਹੀ ਚੱਲ ਪਿਆ ਸੀ।
6 ਫਰਵਰੀ ਨੂੰ ਰਾਹੁਲ ਗਾਂਧੀ ਪੰਜਾਬ ਦੌਰੇ 'ਤੇ ਆਏ ਤਾਂ ਉਨ੍ਹਾਂ ਦੇ ਵੀ ਨਾ ਤਾਂ ਗਾਂਧੀ ਟੋਪੀ ਸੀ ਅਤੇ ਨਾ ਹੀ ਨਹਿਰੂ ਜੈਕਟ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤਾਂ ਕਦੇ ਵੀ ਕਾਂਗਰਸ ਦੇ ਕਿਸੇ ਪਹਿਰਾਵੇ ਵਿੱਚ ਨਜ਼ਰ ਨਹੀਂ ਆਏ। ਪੰਜਾਬ ਦੇ ਮਾਲਵਾ ਖੇਤਰ ਵਿਚ ਸਰਗਰਮ ਰਹੇ ਕਾਂਗਰਸੀ ਆਗੂ ਬਲਵਿੰਦਰ ਨਾਰੰਗ ਦਾ ਕਹਿਣਾ ਸੀ ਕਿ ਅੱਤਵਾਦ ਦੌਰਾਨ ਕਾਂਗਰਸ ਦੇ ਵਰਕਰ ਅੱਤਵਾਦੀਆਂ ਦਾ ਨਿਸ਼ਾਨਾ ਬਣੇ ਸਨ। ਇਸ ਲਈ ਬੁਰੇ ਵਕਤ ਵਿੱਚ ਖੁਦ ਨੂੰ ਬਚਾ ਕੇ ਰੱਖਣ ਲਈ ਕਾਂਗਰਸ ਦੇ ਵਰਕਰਾਂ ਨੇ ਡਰੈਸ ਕਲਚਰ ਤੋਂ ਦੂਰੀ ਬਣਾਈ ਸੀ। ਪਰ ਹੌਲੀ ਹੌਲੀ ਆਧੁਨਿਕ ਯੁੱਗ ਆਉਣ ਨਾਲ ਪੁਰਾਣਾ ਕਲਚਰ ਵੀ ਚਲਾ ਗਿਆ ਹੈ।
ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਗੁਰਵਿੰਦਰ ਸਿੰਘ ਬਾਲੀ ਦਾ ਕਹਿਣਾ ਸੀ ਕਿ ਪੁਰਾਣੇ ਕਾਂਗਰਸੀ ਆਗੂ ਤਾਂ ਕਦੇ ਕਦੇ ਡਰੈਸ ਪਰੰਪਰਾ ਦਾ ਖਿਆਲ ਕਰ ਲੈਂਦੇ ਹਨ ਪਰ ਨਵੇਂ ਯੁੱਗ ਦੇ ਨੌਜਵਾਨ ਖਾਦੀ ਕੁਰਤਾ ਪਾਉਣਾ ਠੀਕ ਨਹੀਂ ਸਮਝਦੇ। ਵੈਸੇ ਵੀ ਯੁੱਗ ਜੀਨ ਕਲਚਰ ਦਾ ਹੋਵੇ ਤਾਂ ਖਾਦੀ ਪਾਉਣਾ ਸੰਭਵ ਨਹੀਂ ਹੈ। ਖਾਸ ਕਰਕੇ ਕੁਰਤਾ ਪਜ਼ਾਮਾ ਪਾਉਣਾ ਵੀ ਸੰਭਵ ਨਹੀਂ ਹੈ। ਜਦਕਿ ਪੰਜਾਬ ਵਿੱਚ ਸਿੱਖ ਆਬਾਦੀ ਜ਼ਿਆਦਾ ਹੈ , ਜੋ ਪੱਗ ਬੰਨ੍ਹਦੀ ਹੈ। ਇਸ ਲਈ ਗਾਂਧੀ ਟੋਪੀ ਪਹਿਨਣਾ ਸੰਭਵ ਨਹੀਂ।
ਅਕਾਲੀ ਦਲ ਦੀ ਨੀਲੀ ਪੱਗ ਅਤੇ ਕੁਰਤਾ ਪਜ਼ਾਮਾ
ਇਸੇ ਤਰ੍ਹਾਂ ਜੋਧਿਆਂ ਦੀ ਪਛਾਣ ਮੰਨੀ ਜਾਂਦੀ ਨੀਲੀ ਪੱਗ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਹੋਏ ਅੰਦੋਲਨਾਂ ਵਿੱਚ ਆਪਣੀ ਪਛਾਣ ਲੈ ਕੇ ਆਈ ਸੀ। ਅਕਾਲੀ ਦਲ ਨੇ ਨੀਲੀ ਪੱਗ ਨੂੰ ਪਾਰਟੀ ਦੇ ਵਰਕਰਾਂ ਦੀ ਪਛਾਣ ਦੇ ਰੂਪ ਵਿੱਚ ਲਿਆ। ਪੰਜਾਬ ਵਿੱਚ ਆਏ ਅੱਤਵਾਦ ਨੇ ਨੀਲੀ ਪੱਗ ਦੀ ਪਛਾਣ ਨੂੰ ਕੇਸਰੀ ਪੱਗ ਵਿੱਚ ਤਬਦੀਲ ਕਰਨ ਵਿਚ ਕਾਫ਼ੀ ਸਫਲਤਾ ਹਾਸਲ ਕੀਤੀ।
ਹਾਲਾਂਕਿ ਅੱਜ ਵੀ ਅਕਾਲੀ ਦਲ ਵਿੱਚ ਨੀਲੀ ਪੱਗ ਬੰਨ੍ਹਣ ਦੀ ਪਰੰਪਰਾ ਹੈ ਪਰ ਫੈਸ਼ਨ ਵਿੱਚ ਰੰਗੀ ਨੌਜਵਾਨ ਪੀੜ੍ਹੀ ਲਈ ਨੀਲੇ ਰੰਗ ਦੇ ਨਾਲ ਨਾਲ ਹੋਰ ਰੰਗਾਂ ਦੇ ਮਾਇਨੇ ਵੀ ਹਨ। ਖਾਸ ਕਰਕੇ ਚੋਣਾਂ ਦੌਰਾਨ ਅਕਾਲੀ ਦਲ ਦੇ ਕੇਸਰੀ ਝੰਡੇ ਅਤੇ ਨੀਲੀਆਂ ਪਗੜੀਆਂ ਦਾ ਹੜ੍ਹ ਜਿਹਾ ਆ ਜਾਂਦਾ ਸੀ ਪਰ ਹੁਣ ਹਾਲਾਤ ਅਜਿਹੇ ਨਹੀਂ ਹਨ।
ਮਾਲਵਾ ਦੇ ਦਿਹਾਤੀ ਖੇਤਰ ਨਾਲ ਸਬੰਧਿਤ ਗਿੱਦੜਬਾਹਾ ਸ਼ਹਿਰ ਦੇ ਪੱਗ ਦੇ ਕੱਪੜੇ ਦੇ ਥੋਕ ਵਪਾਰੀ ਭਗਵਾਨ ਦਾਸ ਆਹੂਜਾ ਦਾ ਕਹਿਣਾ ਸੀ ਕਿ ਕੁਝ ਸਾਲ ਪਹਿਲਾਂ ਤੱਕ ਇਹ ਸਿਲਸਿਲਾ ਬਰਕਰਾਰ ਸੀ ਕਿ ਚੋਣਾਂ ਨੇੜੇ ਆਉਂਦੇ ਹੀ ਨੀਲੀ ਅਤੇ ਕੇਸਰੀ ਪੱਗਾਂ ਦੀ ਮੰਗ ਵਿਚ ਤੇਜ਼ੀ ਆ ਜਾਂਦੀ ਸੀ ਪਰ ਹੁਣ ਰੰਗ ਵਿਸੇਸ਼ ਨੂੰ ਲੈ ਕੇ ਅਜਿਹੀ ਕੋਈ ਗੱਲ ਨਹੀਂ ਰਹੀ ਹੈ। ਜਦਕਿ ਅੰਮ੍ਰਿਤਸਰ ਦੇ ਥੋਕ ਕੱਪੜਾ ਵਪਾਰੀ ਪ੍ਰਦੀਪ ਹਾਂਡਾ ਦਾ ਕਹਿਣਾ ਸੀ ਕਿ ਅਸਲ ਵਿਚ ਹੁਣ ਰਾਜਨੀਤੀ ਵਿੱਚ ਦਲ ਬਦਲੀ ਦਾ ਸਿਲਸਿਲਾ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਕੌਣ ਕਦੇ ਅਤੇ ਕਿਸ ਸਮੇਂ ਪਾਰਟੀ ਬਦਲ ਲੈਂਦਾਂ ਹੈ, ਇਸਦਾ ਅੰਦਾਜ਼ਾ ਹੀ ਨਹੀਂ ਹੁੰਦਾ। ਦਲ ਬਦਲੀ ਦਾ ਅਸਰ ਪਾਰਟੀਆਂ ਦੀ ਡ੍ਰੈਸ ਰਵਾਇਤ ’ਤੇ ਵੀ ਕਾਫ਼ੀ ਪਿਆ ਹੈ।
ਕੇਵਲ ਪੱਗ ਹੀ ਨਹੀਂ ਸਗੋਂ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਕੁਝ ਸਾਲ ਪਹਿਲਾਂ ਤੱਕ ਢਾਡੀ ਜੱਥਿਆਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਵਾਰਾਂ ਵੀ ਹੁਣ ਅਤੀਤ ਦੀ ਗੱਲਾਂ ਬਣਦੀਆਂ ਜਾ ਰਹੀਆਂ ਹਨ। ਇਹ ਵਾਰਾਂ ਜੋਸ਼ ਪੈਦਾ ਕਰਨ ਲਈ ਗਾਈਆਂ ਜਾਂਦੀਆਂ ਸਨ। ਕੋਰੋਨਾ ਅਤੇ ਡਿਜੀਟਲ ਯੁੱਗ ਨੇ ਚੋਣ ਪ੍ਰਚਾਰ ਦੇ ਢੰਗ ਵਿੱਚ ਵੀ ਤਬਦੀਲੀ ਲੈ ਲਿਆਂਦੀ ਹੈ।
ਅਕਾਲੀ ਦਲ ਦੇ ਸੂਬਾਈ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਅੱਜ ਵੀ ਅਕਾਲੀ ਦਲ ਦੇ ਵਰਕਰ ਨੀਲੀ ਅਤੇ ਕੇਸਰੀ ਪੱਗ ਬੰਨ੍ਹਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਨੌਜਵਾਨ ਵਰਕਰਾਂ ਵਿੱਚ ਜ਼ਰੂਰ ਕੁਝ ਹੋਰ ਰੰਗਾਂ ਪ੍ਰਤੀ ਝੁਕਾਅ ਹੈ ਅਤੇ ਕੁੜਤੇ ਪਜਾਮੇ ਦੀ ਜਗ੍ਹਾ ਪੈਂਟ ਨੇ ਲੈ ਲਈ ਹੈ ਪਰ ਵਰਕਰਾਂ ਵਿੱਚ ਜੋਸ਼ ਦੀ ਕੋਈ ਕਮੀ ਨਹੀਂ ਆਈ ਹੈ।
ਆਮ ਆਦਮੀ ਪਾਰਟੀ ਵਿੱਚ ਵੀ ਅਜਿਹੀ ਹੀ ਸਥਿਤੀ ਬਣੀ ਹੋਈ ਹੈ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2017 ਵਿੱਚ ਆਮ ਆਦਮੀ ਪਾਰਟੀ ਦੀ ਗਾਂਧੀ ਟੋਪੀ ਇੱਕ ਪਹਿਚਾਣ ਦਾ ਰੂਪ ਲੈ ਚੁੱਕੀ ਸੀ। ਪੰਜਾਬ ਦਾ ਕੁਝ ਹੱਦ ਤੱਕ ਸਿੱਖ ਭਾਈਚਾਰਾ ਵੀ ਪੱਗ ਉਪਰ ਟੋਪੀ ਜਾਂ ਫਿਰ ਪੱਗ ਉੱਪਰ ਪੱਟੀ ਬੰਨ੍ਹ ਕੇ ਪਾਰਟੀ ਦੇ ਪ੍ਰਚਾਰ ਵਿੱਚ ਲੱਗੇ ਹੋਇਆ ਸੀ। ਪਰ ਹੌਲੀ ਹੌਲੀ ਆਮ ਆਦਮੀ ਪਾਰਟੀ ਵਿਰੁੱਧ ਇਸ ਪ੍ਰਚਾਰ ਨੇ ਪ੍ਰਭਾਵ ਦਿਖਾਇਆ ਕਿ ਇਹ ਪਾਰਟੀ ਵੀ ਗੈਰ ਪੰਜਾਬੀਆਂ ਦੀ ਪਾਰਟੀ ਹੈ। ਇਸੇ ਪ੍ਰਭਾਵ ਨੂੰ ਘਟਾਉਣ ਲਈ ਹੀ ਆਮ ਆਦਮੀ ਪਾਰਟੀ ਵਿੱਚ ਗਾਂਧੀ ਟੋਪੀ ਦੀ ਪਰੰਪਰਾ ਘੱਟ ਗਈ।
ਹਾਲਾਂਕਿ ਰਸਮੀ ਤੌਰ ‘ਤੇ ਤਾਂ ਕਿਸੇ ਵੀ ਆਗੂ ਨੇ ਗਾਂਧੀ ਟੋਪੀ ਬਾਰੇ ਕੋਈ ਹਦਾਇਤ ਜਾਰੀ ਨਹੀਂ ਕੀਤੀ ਪਰ ਚੋਣਾਂ ਦੌਰਾਨ ਪੰਜਾਬ ਦੌਰੇ ‘ਤੇ ਵਾਰ ਵਾਰ ਆ ਰਹੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਆਗੂ ਵੀ ਬਿਨ੍ਹਾਂ ਗਾਂਧੀ ਟੋਪੀ ਤੋਂ ਹੀ ਆ ਰਹੇ ਹਨ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਦਾ ਕਹਿਣਾ ਸੀ ਕਿ ਅਤੀਤ ਵਿੱਚ ਗਾਂਧੀ ਟੋਪੀ ਇੱਕ ਅੰਦੋਲਣ ਦਾ ਹਿੱਸਾ ਸੀ, ਜੋ ਹੁਣ ਵੀ ਹੈ | ਟੋਪੀ ਅਤੇ ‘ਆਪ’ ਦਾ ਸਬੰਧ ਲੋਕਾਂ ਦੇ ਮਨਾਂ ਵਿੱਚ ਸਥਾਪਿਤ ਹੋ ਗਿਆ ਹੈ ਜਦਕਿ ਪੰਜਾਬ ਵਿਚ ਦਿਹਾਤੀ ਖੇਤਰ ਅਤੇ ਨੌਜਵਾਨਾਂ ਵਿਚ ਪੱਗੜਧਾਰੀਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ। ਇਸ ਲਈ ਗਾਂਧੀ ਟੋਪੀ ਘੱਟ ਨਜ਼ਰ ਆਉਂਦੀ।
ਸਿਆਸਤ ਅਤੇ ਉਨ੍ਹਾਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਵਾਲੇ ਪਟਿਆਲਾ ਦੇ ਨਾਮੀ ਲੇਖਕ ਪ੍ਰੋਫੈਸਰ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਤੇਜ਼ੀ ਨਾਲ ਦਲ ਬਦਲੀ ਦੇ ਯੁੱਗ ਵਿੱਚ ਕਿਸੇ ਇੱਕ ਵਿਚਾਰਧਾਰਾ ਵਾਲੀ ਗੱਲ ਹੁਣ ਗਾਇਬ ਹੋ ਚੁੱਕੀ ਹੈ। ਚੋਣਾਂ ਦੇ ਦਿਨਾਂ ਵਿੱਚ ਸਵੇਰੇ ਘਰ ਤੋਂ ਨਿੱਕਲਿਆ ਸਿਆਸਤਦਾਨ ਸ਼ਾਮ ਨੂੰ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੁੰਦਾ ਨਜ਼ਰ ਆਉਂਦਾ ਹੈ | ਅਜਿਹੇ ਮਾਹੌਲ ਵਿੱਚ ਕਿਸੇ ਪਾਰਟੀ ਦੀ ਵਿਚਾਰਧਾਰਾ ਨੂੰ ਦੱਸਦੀ ਡਰੈਸ ਜਾਂ ਪੱਗ ਜਾਂ ਫਿਰ ਟੋਪੀ ਦਾ ਹੋਣਾ ਵਿਅਕਤੀ ਦੀ ਵਫ਼ਾਦਾਰੀ ਨੂੰ ਭੁਲੇਖੇ ਵਿੱਚ ਪਾਉਂਦਾ ਹੈ।
ਇਹ ਵੀ ਪੜ੍ਹੋ: ਚਰਨਜੀਤ ਚੰਨੀ ਨੂੰ ਕਾਂਗਰਸ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ